ਲੁਧਿਆਣਾ ''ਚ ਭੈਣ ਘਰ ਗਈ NRI ਮਹਿਲਾ ਨਾਲ ਲੁੱਟ, ਗਲ਼ ''ਚੋਂ ਸੋਨੇ ਦੀ ਚੇਨ ਲਾਹ ਕੇ ਲੈ ਗਿਆ ਲੁਟੇਰਾ
Friday, Apr 24, 2026 - 05:04 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਅਪਰਾਧੀਆਂ ਦੇ ਹੌਸਲੇ ਸੱਤਵੇਂ ਆਸਮਾਨ 'ਤੇ ਪਹੁੰਚ ਚੁੱਕੇ ਹਨ। ਤਾਜ਼ਾ ਸਨਸਨੀਖੇਜ਼ ਮਾਮਲਾ ਵੀਰਵਾਰ ਦੁਪਹਿਰ ਦਰੇਸੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਾਤਰ ਲੁਟੇਰੇ ਨੇ ਇਕ NRI ਮਹਿਲਾ ਨੂੰ ਆਪਣਾ ਨਿਸ਼ਾਨਾ ਬਣਾਇਆ। ਪੀੜਤ ਮਹਿਲਾ ਦੀ ਪਛਾਣ ਰਾਜ ਕੌਰ ਵਜੋਂ ਹੋਈ ਹੈ, ਜੋ ਹਾਲ ਹੀ ਵਿਚ ਗ੍ਰੀਸ ਤੋਂ ਵਾਪਸ ਆਈ ਸੀ। ਉਹ ਦੁਪਹਿਰ ਕਰੀਬ 12 ਵਜੇ ਬਸਤੀ ਜੋਧੇਵਾਲ ਵਿਚ ਆਪਣੀ ਭੈਣ ਦੇ ਘਰ ਪਹੁੰਚੀ ਸੀ। ਦੁਪਹਿਰ ਕਰੀਬ 3 ਵਜੇ ਜਦੋਂ ਉਹ ਆਪਣੀ ਭੈਣ ਦੇ ਨਾਲ ਬੈਂਕ ਵਿਚ KYC ਕਰਵਾਉਣ ਲਈ ਘਰੋਂ ਬਾਹਰ ਨਿਕਲੀ, ਤਾਂ ਗਲੀ ਵਿਚ ਬੈਠੇ ਲੁਟੇਰੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਵਾਰਦਾਤ ਦੀ ਪੂਰੀ ਫੁਟੇਜ ਕੋਲ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਹੋ ਗਈ ਹੈ। ਫੁਟੇਜ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੇ ਰੰਗ ਦੇ ਬਾਈਕ 'ਤੇ ਸਵਾਰ ਪੱਗੜੀਧਾਰੀ ਨੌਜਵਾਨ, ਜਿਸ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ, ਪਹਿਲਾਂ ਗਲੀ ਵਿੱਚੋਂ ਅੱਗੇ ਨਿਕਲ ਜਾਂਦਾ ਹੈ। ਜਿਵੇਂ ਹੀ ਉਸ ਨੇ ਦੋ ਔਰਤਾਂ ਨੂੰ ਇਕੱਲਾ ਦੇਖਿਆ, ਉਸ ਨੇ ਤੁਰੰਤ ਬਾਈਕ ਮੋੜੀ ਅਤੇ ਉਸ ਨੂੰ ਸਟੈਂਡ 'ਤੇ ਖੜ੍ਹਾ ਕਰਕੇ ਪੈਦਲ ਹੀ ਰਾਜ ਕੌਰ ਵੱਲ ਵਧਣ ਲੱਗਾ। ਜਿਵੇਂ ਹੀ ਉਹ ਨੇੜੇ ਪਹੁੰਚਿਆ, ਉਸ ਨੇ ਰਾਜ ਕੌਰ ਦੇ ਗਲੇ ਵਿੱਚ ਪਾਈ 2 ਤੋਲੇ ਤੋਂ ਵੱਧ ਵਜ਼ਨ ਦੀ ਸੋਨੇ ਦੀ ਚੇਨ 'ਤੇ ਝਪੱਟਾ ਮਾਰਿਆ। ਰਾਜ ਕੌਰ ਅਤੇ ਉਨ੍ਹਾਂ ਦੀ ਭੈਣ ਨੇ ਹਿੰਮਤ ਨਹੀਂ ਹਾਰੀ। ਰਾਜ ਕੌਰ ਤੁਰੰਤ ਲੁਟੇਰੇ ਨਾਲ ਭਿੜ ਗਈ। ਇਸ ਖਿੱਚ-ਧੂਹ ਦੌਰਾਨ ਉਹ ਸੜਕ 'ਤੇ ਡਿੱਗ ਪਈ, ਪਰ ਡਿੱਗਣ ਦੇ ਬਾਵਜੂਦ ਉਸ ਨੇ ਲੁਟੇਰੇ ਨੂੰ ਕੱਸ ਕੇ ਫੜ ਲਿਆ ਅਤੇ ਉਸ ਨੂੰ ਭੱਜਣ ਨਹੀਂ ਦਿੱਤਾ। ਉਨ੍ਹਾਂ ਦੀ ਭੈਣ ਨੇ ਵੀ ਮੁਲਜ਼ਮ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ। ਚੀਕ-ਚਿਹਾੜਾ ਸੁਣ ਕੇ ਜਦੋਂ ਮੁਹੱਲੇ ਦੇ ਲੋਕ ਬਾਹਰ ਆਏ ਅਤੇ ਮੁਲਜ਼ਮ ਵੱਲ ਦੌੜੇ, ਤਾਂ ਸ਼ਾਤਰ ਲੁਟੇਰਾ ਆਪਣਾ ਹੱਥ ਛੁਡਾ ਕੇ ਬਾਈਕ 'ਤੇ ਸਵਾਰ ਹੋ ਕੇ ਮੌਕੇ ਤੋਂ ਰਫੂ-ਚੱਕਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਦਰੇਸੀ ਥਾਣੇ ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ। ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲੁਟੇਰੇ ਨੇ ਆਪਣੀ ਬਾਈਕ 'ਤੇ ਜਾਅਲੀ ਨੰਬਰ ਪਲੇਟ ਲਗਾ ਰੱਖੀ ਸੀ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਫਿਲਹਾਲ ਪੁਲਸ ਇਲਾਕੇ ਦੇ ਹੋਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮ ਦੇ ਭੱਜਣ ਵਾਲੇ ਰੂਟ ਦਾ ਸੁਰਾਗ ਲਗਾਇਆ ਜਾ ਸਕੇ। ਪੁਲਸ ਨੇ ਅਣਪਛਾਤੇ ਹਮਲਾਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
