ਕਾਂਗਰਸੀਆਂ ਨੇ ਅੱਧੀ ਦਰਜਨ ਬੂਥਾਂ ’ਤੇ ਧੱਕੇ ਨਾਲ ਪਾਈਅਾਂ ਵੋਟਾਂ

09/20/2018 2:13:15 AM

ਫ਼ਰੀਦਕੋਟ, (ਹਾਲੀ)- ਫ਼ਰੀਦਕੋਟ ਜ਼ਿਲੇ ’ਚ ਬਲਾਕ ਸੰਮਤੀ ਜ਼ਿਲਾ ਪ੍ਰੀਸ਼ਦ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਪੁਲਸ ਦੀ ਹਾਜ਼ਰੀ ਵਿਚ ਕਥਿਤ ਤੌਰ ’ਤੇ ਧੱਕੇਸ਼ਾਹੀ ਕੀਤੀ ਅਤੇ ਅੱਧੀ ਦਰਜਨ ਬੂਥਾਂ ’ਤੇ ਕਬਜ਼ਾ ਕਰ ਕੇ ਖੁਦ ਹੀ ਵੋਟਾਂ ਪਾਈਆਂ।  ਇਨ੍ਹ ਵੱਲੋਂ ਸਿਮਰੇਵਾਲਾ ਅਤੇ ਮਹਿਮੂਆਣਾ ਵਿਖੇ ਬੂਥਾਂ ਉੱਪਰ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਾਨਕਸਰ ਬਸਤੀ ਵਿਚ ਜਦੋਂ ਕਾਂਗਰਸੀ ਬੂਥ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ‘ਆਪ’ ਦੇ ਵਰਕਰ ਨਾਨਕ ਸਿੰਘ ਅਤੇ ਭੋਲਾ ਸਿੰਘ ਨੇ ਇਸ ਦੀ ਵੀਡੀਓ ਬਣਾ ਲਈ। ਕਾਂਗਰਸੀਆਂ ਨੇ ਇਨ੍ਹਾਂ ਦੋਵਾਂ ਵਰਕਰਾਂ ਦੀ ਕੁੱਟ-ਮਾਰ ਕੀਤੀ ਅਤੇ ਉਨ੍ਹਾਂ ਤੋਂ ਮੋਬਾਇਲ ਵੀ ਖੋਹ ਲਏ। 
ਅੱਜ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਵੋਟਰਾਂ ਨੇ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਅਤੇ ਜਿਹਡ਼ੇ ਵੋਟਰ ਵੋਟਾਂ ਨਹੀਂ ਪਾਉਣ ਆਏ, ਉਨ੍ਹਾਂ ਦੀਆਂ ਵੋਟਾਂ 4:00 ਵਜੇ ਤੋਂ ਬਾਅਦ ਉਮੀਦਵਾਰਾਂ ਦੇ ਸਮਰੱਥਕਾਂ ਨੇ ਭੁਗਤਾ ਦਿੱਤੀਆਂ। ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਨੇ ਦਾਅਵਾ ਕੀਤਾ ਕਿ ਬੂਥਾਂ ਉੱਪਰ ਕਬਜ਼ੇ ਦੀ ਕੋਈ ਘਟਨਾ ਨਹੀਂ ਵਾਪਰੀ। 
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਦੋਸ਼ ਲਾਇਆ ਕਿ ਕਾਂਗਰਸੀਆਂ ਨੇ ਪੁਲਸ ਦੀ ਸ਼ਹਿ ’ਤੇ ਬੂਥਾਂ ਉੱਪਰ ਨਾਜਾਇਜ਼ ਕਬਜ਼ਾ ਕੀਤਾ। ‘ਆਪ’ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਨਾਨਕਸਰ ਬਸਤੀ ਵਿਚ ਉਨ੍ਹਾਂ ਦੇ ਵਰਕਰਾਂ ਦੀ ਕੁੱਟ-ਮਾਰ ਹੋਈ ਹੈ, ਜੋ ਹੁਣ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਖ਼ਬਰ ਲਿਖੇ ਜਾਣ ਤੱਕ ਜ਼ਿਲੇ ਅੰਦਰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ 50 ਫ਼ੀਸਦੀ ਤੋਂ ਵੱਧ ਵੋਟਾਂ ਪੋਲ ਹੋ ਚੁੱਕੀਆਂ ਸਨ। 
ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਵੋਟਾਂ ’ਚ ਕਾਂਗਰਸੀ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਅਕਾਲੀ ਦਲ ਅਤੇ ‘ਆਪ’ ਹਾਰ ਹੁੰਦੀ ਵੇਖ ਘਬਰਾ ਗਏ ਹਨ ਅਤੇ ਗਲਤ ਦੋਸ਼ ਲਾਏ ਜਾ ਰਹੇ ਹਨ। 
ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਇਨ੍ਹਾਂ ਚੋਣਾਂ ’ਚ ਬੈਲੇਟ ਪੇਪਰ ਰਾਹੀਂ ਵੋਟ ਪਾਈ ਗਈ ਹੈ ਅਤੇ ਜ਼ਿਲੇ ਭਰ ’ਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਪੰਜਗਰਾਈਂ ਕਲਾਂ ਵਿਚ ਵੋਟਾਂ ਪੈਣ ਤੋਂ ਪਹਿਲਾਂ ਬਕਸੇ ਸੀਲ ਕਰਨ ਸਬੰਧੀ ਵਿਵਾਦ ਪੈਦਾ ਹੋਇਆ ਸੀ, ਜਿਸ ਨੂੰ ਅਧਿਕਾਰੀਆਂ ਨੇ ਮੌਕੇ ’ਤੇ ਹੀ ਸੁਲਝਾਅ ਦਿੱਤਾ। 
ਸਾਦਿਕ, (ਦੀਪਕ)-ਜ਼ਿਲਾ ਪ੍ਰੀਸ਼ਦ ਅਤੇ  ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਸਾਦਿਕ ਇਲਾਕੇ ’ਚ  ਰਲਵਾਂ -ਮਿਲਵਾਂ ਹੁੰਗਾਰਾ  ਮਿਲਿਆ। ਇਸ ਸਬੰਧੀ ਲੋਕਾਂ ’ਚ ਕੋਈ ਬਹੁਤਾ ਉਤਸ਼ਾਹ ਨਜ਼ਰ ਨਹੀਂ ਆਇਆ ਜਿਸ ਕਰ ਕੇ ਪਿੰਡ ਤੇ  ਕਸਬਾ ਸਾਦਿਕ ਦੀ ਵੋਟ ਫੀਸਦੀ 40 ਫੀਸਦੀ ਤੋਂ ਘੱਟ ਰਹੀ ਅਤੇ ਬਾਕੀ ਪਿੰਡਾਂ ਦੀ 50-60  ਫੀਸਦੀ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਉਂਝ ਇਸ ਇਲਾਕੇ ਦੇ ਤਕਰੀਬਨ ਸਾਰੇ ਪਿੰਡਾਂ  ’ਚ ਵੋਟਾਂ ਅਮਨ ਅਮਾਨ ਨਾਲ ਭੁਗਤ ਗਈਆਂ। ਸਿਰਫ ਇਕ ਪਿੰਡ ਸ਼ਿਮਰੇਵਾਲਾ ’ਚ ਸੱਤਾਧਾਰੀ  ਪਾਰਟੀ ਦੇ ਕੁੱਝ ਬਾਹਰੋਂ ਆਏ ਲੋਕਾਂ ਵੱਲੋਂ ਬੂਥ ’ਤੇ ਕਬਜ਼ਾ ਕਰ ਕੇ ਵੋਟਾਂ ਭੁਗਤਾਉਣ ਦੀ  ਸੂਚਨਾ ਮਿਲੀ ਹੈ, ਜਿਸਦੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ  ਸਖਤ ਸ਼ਬਦਾਂ ’ਚ ਨਿੰਦਾ ਕੀਤੀ ਅਤੇ ਦੁਬਾਰਾ ਵੋਟਿੰਗ ਕਰਵਾਉਣ ਦੀ ਮੰਗ ਚੋਣ ਕਮਿਸ਼ਨ ਅੱਗੇ  ਰੱਖੀ ਹੈ।


Related News