ਪੁਲਸ ਨੇ ਹਿਰਾਸਤ ''ਚ ਲਿਆ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ, ਲੱਗੇ ਦਰਜਨ ਤੋਂ ਵੱਧ ਦੋਸ਼

Monday, Apr 15, 2024 - 06:12 PM (IST)

ਬ੍ਰਿਸਬੇਨ : ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਮਾਈਕਲ ਸਲੇਟਰ ਨੂੰ ਹਮਲਾ ਕਰਨ ਅਤੇ ਪਿੱਛਾ ਕਰਨ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। 54 ਸਾਲਾ ਸਲੇਟਰ  'ਤੇ ਗੈਰ-ਕਾਨੂੰਨੀ ਤਰੀਕੇ ਨਾਲ ਪਿੱਛਾ ਕਰਨਾ ਜਾਂ ਧਮਕਾਉਣਾ, ਹਮਲਾ ਕਰਨਾ, ਰਾਤ ਨੂੰ ਕਿਸੇ ਇਰਾਦੇ ਨਾਲ ਘਰ ਵਿਚ ਦਾਖਲ ਹੋਣ, ਸਰੀਰਕ ਨੁਕਸਾਨ ਪਹੁੰਚਾਉਣ ਅਤੇ ਗਲਾ ਘੁੱਟਣ ਸਮੇਤ ਇੱਕ ਦਰਜਨ ਤੋਂ ਵੱਧ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ।

ਸਲੇਟਰ ਦਾ ਕੇਸ ਸੋਮਵਾਰ ਨੂੰ ਕੁਈਨਜ਼ਲੈਂਡ ਦੀ ਮਾਰੂਚਾਈਡੋਰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਇਆ। ਉਸ ਨੂੰ ਸਨਸ਼ਾਈਨ ਕੋਸਟ 'ਤੇ ਪਿਛਲੇ ਸਾਲ 5 ਦਸੰਬਰ ਤੋਂ 12 ਅਪ੍ਰੈਲ ਤੱਕ ਵੱਖ-ਵੱਖ ਤਰੀਕਾਂ 'ਤੇ ਕਥਿਤ ਅਪਰਾਧਾਂ ਲਈ ਕੁੱਲ 19 ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਪੁਲਸ ਨੇ 'ਕਈ ਦਿਨਾਂ' ਦੀਆਂ ਕਥਿਤ ਘਰੇਲੂ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ ਸਨਸ਼ਾਈਨ ਕੋਸਟ 'ਤੇ ਨੂਸਾ ਹੈੱਡਸ ਤੋਂ ਇਕ 54 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

ਸਲੇਟਰ 'ਤੇ ਜ਼ਮਾਨਤ ਦੀ ਉਲੰਘਣਾ ਕਰਨ ਅਤੇ 'ਘਰੇਲੂ ਹਿੰਸਾ ਆਦੇਸ਼' ਦੀ ਉਲੰਘਣਾ ਕਰਨ ਦੇ 10 ਦੋਸ਼ ਵੀ ਲਗਾਏ ਗਏ ਹਨ। ਸੱਜੇ ਹੱਥ ਦੇ ਸਾਬਕਾ ਆਸਟਰੇਲੀਆਈ ਸਲਾਮੀ ਬੱਲੇਬਾਜ਼ ਸਲੇਟਰ ਨੇ 1993 ਤੋਂ 2003 ਦਰਮਿਆਨ 74 ਟੈਸਟ ਅਤੇ 42 ਵਨਡੇ ਖੇਡੇ ਸਨ।


Tarsem Singh

Content Editor

Related News