ਧਰਮਵੀਰ ਗਾਂਧੀ ਨੂੰ ਟਿਕਟ ਮਿਲਣ ''ਤੇ ਪੁਰਾਣੇ ਕਾਂਗਰਸੀਆਂ ''ਚ ਛਿੜੇ ਬਗਾਵਤੀ ਸੁਰ, ਹਾਈਕਮਾਨ ਤੱਕ ਪਹੁੰਚੀ ਆਵਾਜ਼

Wednesday, Apr 17, 2024 - 08:10 PM (IST)

ਪਟਿਆਲਾ (ਰਾਜੇਸ਼ ਪੰਜੌਲਾ)- ਕਾਂਗਰਸ ਹਾਈਕਮਾਂਡ ਵਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇਣ ਤੋਂ ਬਾਅਦ 50-50 ਸਾਲ ਪੁਰਾਣੇ ਕਾਂਗਰਸੀ ਬਵਾਗਤ ਦੀ ਰੋਂਅ ਵਿਚ ਸਨ, ਜਿਨ੍ਹਾਂ ਦੀ ਅਗਵਾਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਖਜਾਨਾ ਮੰਤਰੀ ਰਹੇ ਲਾਲ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦਿਹਾਤੀ ਦੇ ਦੋ ਦਹਾਕਿਆਂ ਤੱਕ ਪ੍ਰਧਾਨ ਤੇ ਦੋ ਵਾਰ ਵਿਧਾਇਕ ਰਹੇ ਹਰਦਿਆਲ ਸਿੰਘ ਕੰਬੋਜ ਕਰ ਰਹੇ ਸਨ।

ਡਾ. ਗਾਂਧੀ ਦੀ ਟਿਕਟ ਦੇ ਐਲਾਨ ਤੋਂ ਬਾਅਦ ਜ਼ਿਲ੍ਹੇ ਦੀ ਜ਼ਿਆਦਾਤਰ ਲੀਡਰਸ਼ਿਪ ਨੇ ਬਗਾਵਤ ਦਾ ਬਿਗੁਲ ਵਜਾ ਦਿੱਤਾ ਸੀ ਅਤੇ 20 ਅਪ੍ਰੈਲ ਨੂੰ ਰਾਜਪੁਰਾ ਦੇ ਇਕ ਨਿੱਜੀ ਰਿਜ਼ੋਰਟ ਵਿਚ ਟਕਸਾਲੀ ਵਰਕਰਾਂ ਦੀ ਮੀਟਿੰਗ ਬੁਲਾ ਲਈ ਸੀ। ਕਾਂਗਰਸ ਰਾਜਨੀਤੀ ਦੀ ਸੁਗਬੁਗਾਹਟ ਵਿਚ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਨ੍ਹਾਂ ਆਗੂਆਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਸੀ। 

ਇਹ ਵੀ ਪੜ੍ਹੋ- ਦਲਵੀਰ ਗੋਲਡੀ ਦੇ ਸਮਰਥਨ ਤੋਂ ਬਾਅਦ ਸੁਖਪਾਲ ਖਹਿਰਾ ਨੇ ਕੀਤੀ ਤਾਰੀਫ਼, ਕਿਹਾ- 'ਮੈਂ ਤੁਹਾਡੇ ਜਜ਼ਬੇ ਦੀ...'

ਸੂਤਰਾਂ ਅਨੁਸਾਰ ਇਕ ਵੱਡੀ ਪਾਰਟੀ ਨੇ ਤਾਂ ਆਫਰ ਭੇਜ ਦਿੱਤੀ ਸੀ ਕਿ ਜੇਕਰ ਉਹ ਪਾਰਟੀ ਵਿਚ ਸ਼ਾਮਲ ਹੁੰਦੇ ਹਨ ਤਾਂ ਉਹ ਆਪਣਾ ਉਮੀਦਵਾਰ ਬਿਠਾ ਲੈਣਗੇ ਅਤੇ ਕਾਂਗਰਸ ਦੇ ਬਾਗੀ ਧੜੇ ਵਿਚੋਂ ਜਿਸ ਨੂੰ ਵੀ ਆਗੂ ਚਾਹੁਣਗੇ, ਉਸ ਨੂੰ ਟਿਕਟ ਦੇ ਦਿੱਤੀ ਜਾਵੇਗੀ। ਇਸ ਦੀ ਜਾਣਕਾਰੀ ਜਦੋਂ ਦਿੱਲੀ ਦੀ ਕਾਂਗਰਸ ਹਾਈਕਮਾਂਡ ਅਤੇ ਰਾਹੁਲ ਗਾਂਧੀ ਤੱਕ ਪਹੁੰਚੀ ਤਾਂ ਉਨ੍ਹਾਂ ਡੈਮੇਜ ਕੰਟਰੋਲ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਡਿਊਟੀ ਲਾਈ। 

ਅਮਰਿੰਦਰ ਸਿੰਘ ਰਾਜਾ ਵੜਿੰਗ ਸਵੇਰੇ ਹੀ ਪਟਿਆਲਾ ਪਹੁੰਚ ਗਏ ਸਨ ਅਤੇ ਇਸ ਦੌਰਾਨ ਉਨ੍ਹਾਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਨਿਵਾਸ ’ਤੇ ਕਾਂਗਰਸੀ ਆਗੂਆਂ ਨਾਲ ਨਾਸ਼ਤਾ ਕੀਤਾ ਅਤੇ ਉਨ੍ਹਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਹਰਦਿਆਲ ਸਿੰਘ ਕੰਬੋਜ ਦੇ ਨਾਲ ਸਮਾਣਾ ਦੇ ਸਾਬਕਾ ਵਿਧਾਇਕ ਰਜਿੰਦਰ ਸਿੰਘ, ਪੀ.ਪੀ.ਐੱਸ.ਸੀ. ਦੇ ਸਾਬਕਾ ਮੈਂਬਰ ਰਵਿੰਦਰ ਕੌਰ ਰਵੀ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਪਟਿਆਲਾ ਸ਼ਹਿਰੀ ਹਲਕੇ ਦੇ ਇੰਚਾਰਜ ਅਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਜਸਵਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪਰਿਵਾਰਕ ਮੈਂਬਰ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ। 

ਇਹ ਵੀ ਪੜ੍ਹੋ- ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਕਰ ਰਹੇ ਸਿਆਸੀ ਪਾਰਟੀ ਦਾ ਸਮਰਥਨ ! ਵੀਡੀਓ ਤੇਜ਼ੀ ਨਾਲ ਹੋ ਰਹੀ ਵਾਇਰਲ

ਇਸ ਮੀਟਿੰਗ ਵਿਚ ਸਮੁੱਚੀ ਲੀਡਰਸ਼ਿਪ ਨੇ ਸੂਬਾ ਪ੍ਰਧਾਨ ਨੂੰ ਕਾਂਗਰਸੀ ਵਰਕਰਾਂ ਦੀ ਨਾਰਾਜ਼ਗੀ ਦੱਸੀ ਅਤੇ ਕਿਹਾ ਕਿ ਟਕਸਾਲੀ ਕਾਂਗਰਸੀ ਇਸ ਗੱਲ ਤੋਂ ਦੁਖੀ ਹਨ ਕਿ ਉਨ੍ਹਾਂ ਨੂੰ ਅਣਦੇਖਾ ਕਿਉਂ ਕੀਤਾ ਗਿਆ? ਮੀਟਿੰਗ ਵਿਚ ਹੋਰ ਕਈ ਗੱਲਾਂ ਹੋਈਆਂ। ਇਸ ਮੀਟਿੰਗ ਤੋਂ ਬਾਅਦ ਦੇਰ ਸ਼ਾਮ ਰਾਜਾ ਵੜਿੰਗ ਚੰਡੀਗੜ੍ਹ ਪਹੁੰਚੇ ਅਤੇ ਉਨ੍ਹਾਂ ਉਥੇ ਸਾਬਕਾ ਕਾਂਗਰਸ ਪ੍ਰਧਾਨ ਲਾਲ ਸਿੰਘ ਨਾਲ ਵੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਵੀ ਪਟਿਆਲਾ ਦੇ ਸਮੁੱਚੇ ਆਗੂ ਹਾਜ਼ਰ ਸਨ। ਮੀਟਿੰਗ ਦੌਰਾਨ ਰਾਜਾ ਵੜਿੰਗ ਨੇ ਲਾਲ ਸਿੰਘ ਅਤੇ ਹਰਦਿਆਲ ਕੰਬੋਜ ਦੀ ਰਾਹੁਲ ਗਾਂਧੀ ਨਾਲ ਫੋਨ ’ਤੇ ਗੱਲਬਾਤ ਕਰਵਾਈ। ਦੋਨਾਂ ਆਗੂਆਂ ਨੇ ਰਾਹੁਲ ਗਾਂਧੀ ਨੂੰ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। 

ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਸਮੁੱਚੇ ਆਗੂਆਂ ਨੂੰ ਵਿਸ਼ਵਾਸ਼ ਦਵਾਇਆ ਕਿ ਕਾਂਗਰਸ ਪਾਰਟੀ ਨੂੰ ਭਾਜਪਾ ਦੇ ਖਿਲਾਫ ਲੜਾਈ ਲੜਨ ਲਈ ਦੇਸ਼ ਪੱਧਰ ’ਤੇ ਕਈ ਸਮਝੌਤੇ ਕਰਨੇ ਪੈ ਰਹੇ ਹਨ। ਇਸ ਸੰਕਟ ਦੇ ਸਮੇਂ ਸਮੁੱਚੀ ਪਾਰਟੀ ਨੂੰ ਇਕਜੁਟ ਹੋਣ ਦੀ ਜ਼ਰੂਰਤ ਹੈ। ਸੂਤਰਾਂ ਅਨੁਸਾਰ ਆਗੂਆਂ ਨੂੰ ਕਿਹਾ ਗਿਆ ਕਿ ਇਹ ਮੀਟਿੰਗ ਕੈਂਸਲ ਕੀਤੀ ਜਾਵੇ ਪਰ ਲਾਲ ਸਿੰਘ ਅਤੇ ਹਰਦਿਆਲ ਕੰਬੋਜ ਨੇ ਕਿਹਾ ਕਿ ਮੀਟਿੰਗ ਹਰ ਹਾਲਤ ਵਿਚ ਹੋਵੇਗੀ। ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚਣਗੇ ਅਤੇ ਉਥੇ ਵਰਕਰ ਜੋ ਵੀ ਮੰਗ ਅਤੇ ਮੁੱਦੇ ਉਠਾਉਣਗੇ ਉਨ੍ਹਾਂ ਦਾ ਮੌਕੇ ’ਤੇ ਹੀ ਜਵਾਬ ਦੇਣਗੇ। ਸੂਤਰਾਂ ਅਨੁਸਾਰ ਦਿੱਲੀ ਕਾਂਗਰਸ ਹਾਈਕਮਾਂਡ ਅਤੇ ਪੰਜਾਬ ਕਾਂਗਰਸ ਕਮੇਟੀ ਵਲੋਂ ਡੈਮੇਜ ਕੰਟਰੋਲ ਕਰਨ ਲਈ ਤੁਰੰਤ ਕਾਰਵਾਈ ਕੀਤੀ ਗਈ, ਉਸ ਦਾ ਪਾਰਟੀ ਨੂੰ ਲਾਭ ਮਿਲ ਸਕਦਾ ਹੈ ਅਤੇ 20 ਅਪ੍ਰੈਲ ਦੀ ਮੀਟਿੰਗ ਵਿਚ ਪਾਰਟੀ ਦੇ ਖਿਲਾਫ ਕੋਈ ਵੱਡਾ ਫੈਸਲਾ ਹੋਣ ਦੀ ਸੰਭਾਵਨਾ ਘਟ ਗਈ ਹੈ।

ਇਹ ਵੀ ਪੜ੍ਹੋ- BSF ਤੇ GRD ਦੀ ਵੱਡੀ ਕਾਰਵਾਈ, 25 ਲੱਖ ਦੇ ਇਨਾਮੀ ਕਮਾਂਡਰ ਸਣੇ 29 ਨਕਸਲੀਆਂ ਨੂੰ ਕੀਤਾ ਢੇਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News