ਪਨਗ੍ਰੇਨ ਏਜੰਸੀ ਵਲੋਂ ਰਾਈਸ ਮਿੱਲਰਾਂ ਨੂੰ ਗੱਠਾਂ ਮੁਹੱਈਆ ਕਰਵਾਉਣ ''ਚ ਕੀਤਾ ਗਿਆ ਪੱਖਪਾਤ
Wednesday, Nov 04, 2020 - 03:09 PM (IST)
ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਪੰਜਾਬ ਸਰਕਾਰ ਵਲੋਂ ਝੋਨੇ ਦੀ ਕਸਟਮ ਮਿਲਿੰਗ ਨੂੰ ਲੈ ਕੇ ਬਣਾਈ ਗਈ ਪਾਲਿਸੀ ਮੁਤਾਬਿਕ 30 ਪ੍ਰਤੀਸ਼ਤ ਖਰੀਦ ਏਜੰਸੀਆਂ ਵਲੋਂ ਸ਼ੈਲਰ ਮਿੱਲਰਾਂ ਨੂੰ ਬਾਰਦਾਨਾ ਮੁਹੱਈਆਂ ਮੁੱਢਲੀ ਖਰੀਦ ਤੇ 20 ਪ੍ਰਤੀਸ਼ਤ ਬਾਰਦਾਨਾ ਚਾਵਲ ਮੀਲਿੰਗ ਦੌਰਾਨ ਮੁਹੱਈਆ ਕਰਵਾਇਆ ਜਾਣਾ ਹੈ ਪਰ ਵਰਤਮਾਨ ਸਮੇਂ ਅੰਦਰ ਇਕ-ਦੋ ਏਜੰਸੀਆਂ ਨੂੰ ਛੱਡ ਕੇ ਬਾਕੀ ਏਜੰਸੀਆਂ ਵਲੋਂ ਬਾਰਦਾਨੇ ਦੀ ਬਣਦੀ ਹਿੱਸੇਦਾਰੀ ਦਾ ਭੁਗਤਾਨ ਨਾ ਕੀਤੇ ਜਾਣ ਦੇ ਕਾਰਣ ਸ਼ੈਲਰ ਮਿੱਲਰਾਂ ਨੂੰ ਮਜਬੂਰੀ 'ਚ ਨਿੱਜੀ ਖਰਚ ਕਰਕੇ ਬਾਰਦਾਨੇ ਦਾ ਇੰਤਜਾਮ ਕਰਨਾ ਪੈ ਰਿਹਾ ਹੈ ਜਦਕਿ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਜਲਾਲਾਬਾਦ ਅਤੇ ਇਸ ਦੇ ਅਧੀਨ ਫੋਕਲ ਪਵਾਇੰਟਾਂ ਤੇ ਪੰਜਾਬ ਸਰਕਾਰ ਦੀਆਂ 4 ਖਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈਡ, ਵੇਅਰਹਾਊਸ ਤੇ ਪਨਸਪ ਝੋਨੇ ਦੀ ਖਰੀਦ ਕਰ ਰਹੀਆਂ ਹਨ ਅਤੇ ਝੋਨਾ ਖਰੀਦ ਕੇ ਰਾਈਸ ਮਿੱਲਾਂ 'ਚ ਸਟੋਰ ਕੀਤਾ ਜਾ ਰਿਹਾ ਹੈ।
ਜਿਸ ਝੋਨੇ ਨੂੰ ਭਰਨ ਲਈ ਪੰਜਾਬ ਸਰਕਾਰ ਨੇ ਇਕ ਨਵੀਂ ਪਾਲਸੀ ਬਣਾਈ ਸੀ ਜਿਸ 'ਚ ਕਿਹਾ ਗਿਆ ਸੀ ਕਿ ਇਸ ਵਾਰ ਰਾਈਸ ਮਿੱਲਰ 70 ਪ੍ਰਤੀਸ਼ਤ ਬਾਰਦਾਨਾ ਆਪਣੇ ਕੋਲੋਂ ਲਗਵਾਉਣਗੇ ਤੇ 30 ਪ੍ਰਤੀਸ਼ਤ ਖਰੀਦ ਏਜੰਸੀਆਂ ਮੁਹੱਈਆ ਕਰਵਾਉਣਗੀਆਂ ਅਤੇ ਬਾਕੀ 20 ਪ੍ਰਤੀਸ਼ਤ ਬਾਰਦਾਨਾ ਵੀ ਜਲਦੀ ਹੀ ਦੇਣ ਦੀ ਗੱਲ ਕਹੀ ਗਈ ਸੀ ਤਾਂ ਜੋ ਸ਼ੈਲਰਾਂ ਦੀ ਕਸਟਮ ਮਿਲਿੰਗ ਦਾ ਕੰਮ 31 ਮਾਰਚ ਤੱਕ ਨੇਪਰੇ ਚਾੜ੍ਹਿਆ ਜਾ ਸਕੇ। ਪਰ ਹੋ ਇਸ ਦੇ ਉਲਟ ਰਿਹਾ ਹੈ। ਜਲਾਲਾਬਾਦ ਦੇ ਰਾਈਸ ਮਿੱਲਰਾਂ ਵਲੋਂ 95 ਪ੍ਰਤੀਸ਼ਤ ਖੁਦ ਖਰੀਦ ਕੀਤੀ ਗਈ ਹੈ ਅਤੇ ਬਾਕੀ 5 ਪ੍ਰਤੀਸ਼ਤ ਬਾਰਦਾਨਾ ਏਜੰਸੀਆਂ ਵਲੋਂਮ ਦਿੱਤਾ ਗਿਆ ਹੈ ਜਦਕਿ ਪਨਗ੍ਰੇਨ ਏਜੰਸੀ ਵਲੋਂ ਤਾਂ 5 ਪ੍ਰਤੀਸ਼ਤ ਵੀ ਬਾਰਦਾਨਾ ਮਿੱਲਰਾਂ ਨੂੰ ਨਹੀਂ ਦਿੱਤਾ ਗਿਆ। ਇਸ ਸਬੰਧੀ ਰਾਈਸ ਮਿੱਲਰ ਅਭੇ ਸੇਤੀਆ, ਸੁਰਿੰਦਰ ਕੰਬੋਜ, ਸੰਜੀਵ ਗਿਰਧਰ ਵਗੈਰਾ ਨੇ ਦੱਸਿਆ ਕਿ ਪਨਗ੍ਰੇਨ ਏਜੰਸੀ ਵਲੋਂ ਜੋ 30 ਪ੍ਰਤੀਸ਼ਤ ਬਾਰਦਾਨਾ ਦੇਣਾ ਸੀ ਉਹ ਅਜੇ ਤੱਕ 5 ਪ੍ਰਤੀਸ਼ਤ ਵੀਂ ਨਹੀਂ ਦਿੱਤਾ ਗਿਆ।
ਰਾਈਸ ਮਿੱਲਰਾਂ ਨੇ ਦੱਸਿਆ ਕਿ 8 ਅਕਤੂਬਰ ਨੂੰ ਐੱਫ.ਸੀ.ਆਈ. ਵਲੋਂ ਯੂਚਾਰਜ਼ ਦੀ ਅਦਾਇਗੀ ਲਗਭਗ 5132168 ਰੁਪਏ ਜ਼ਿਲ੍ਹਾ ਫਾਜ਼ਿਲਕਾ ਦੀ ਪਨਗ੍ਰੇਨ ਏਜੰਸੀ ਨੂੰ ਕਰ ਦਿੱਤੀ ਗਈ ਸੀ ਪਰ ਵਾਰ ਵਾਰ ਕਹਿਣ ਤੇ ਵੀ ਪਨਗ੍ਰੇਨ ਏਜੰਸੀ ਦੇ ਕੰਨਾ 'ਤੇ ਜੂ ਨਹੀਂ ਸਰਕ ਰਹੀ ਅਤੇ ਉਨ੍ਹਾਂ ਨੂੰ ਅਦਾਇਗੀ ਨਹੀਂ ਕੀਤੀ ਹੈ ਜਦਕਿ ਰਾਈਸ ਮਿੱਲਰ ਨਵੇਂ ਸੀਜਨ 'ਚ ਵੀ ਬਾਰਦਾਨਾ ਖਰੀਦਣ ਲਈ ਇੰਨੀ ਵੱਡੀ ਰਾਸ਼ੀ ਆਪਣੀ ਜੇਬ 'ਚ ਖਰਚ ਕਰਨ ਲਈ ਮਜਬੂਰ ਹਨ। ਰਾਈਸ ਮਿੱਲਰਾਂ ਨੇ ਦੱਸਿਆ ਕਿ ਇਸ ਯੂਜ਼ਰ ਚਾਰਜ ਬਾਰੇ ਪਨਗ੍ਰੇਨ ਦੇ ਜੀ. ਐੱਮ ਫਾਇਨਾਂਸ ਸੁਰੇਸ਼ ਕੁਮਾਰ ਨੂੰ ਵੀ 2-3 ਵਾਰ ਜਾਣੂ ਕਰਵਾਇਆ ਹੈ ਪਰ ਅਜੇ ਤੱਕ ਅਦਾਇਗੀ ਨਹੀਂ ਹੋਈ ਹੈ। ਉਧਰ ਮਿਲੀ ਜਾਣਕਾਰੀ ਅਨੁਸਾਰ ਮਾਰਕਫੈਡ ਵਲੋਂ ਜਲਾਲਾਬਾਦ ਅੰਦਰ 25 ਪ੍ਰਤੀਸ਼ਤ, ਪਨਸਪ ਵਲੋਂ 30 ਪ੍ਰਤੀਸ਼ਤ, ਵੇਅਰਹਾਊਸ ਵਲੋਂ 10 ਪ੍ਰਤੀਸ਼ਤ, ਪਨਗ੍ਰੇਨ ਵਲੋਂ ਇਕ ਰਾਈਸ ਮਿੱਲ ਤੇ 96 ਗੱਠਾਂ ਉਤਰਵਾਈਆਂ ਗਈਆਂ ਸਨ ਅਤੇ ਏਜੰਸੀ ਵਲੋਂ ਗੱਠਾਂ ਦੀ ਵੰਡ ਕਰਨ ਤੋਂ ਪਹਿਲਾਂ ਹੀ ਕਰੀਬ 40 ਗੱਠਾਂ ਉਸ ਰਾਈਸ ਮਿੱਲਰ ਨੇ ਵਰਤ ਲਈਆਂ ਸਨ ਅਤੇ ਬਾਕੀ ਦੀਆਂ 56 ਗੱਠਾਂ 8 ਰਾਈਸ ਮਿੱਲਾਂ ਤੇ ਵੰਡੀਆਂ ਗਈਆਂ ਹਨ ਜਿੱਥੇ ਪੱਖਪਾਤ ਦਾ ਸਬੂਤ ਵੀ ਸਾਹਮਣੇ ਆ ਰਿਹਾ ਹੈ ਅਤੇ ਇਹ ਗੱਲ ਵੀ ਇਸ ਦਾ ਪੁਖਤਾ ਸਬੂਤ ਹੈ ਕਿ ਰਾਈਸ ਮਿੱਲਰਾਂ ਨੂੰ ਜੇਬਾਂ ਗਰਮ ਕੀਤੇ ਬਿਨਾਂ ਬਾਰਦਾਨੇ ਦੀਆਂ ਗੱਠਾਂ ਨਹੀਂ ਮਿਲਦੀਆਂ ਜਦੋਂ ਯੂਜ਼ਰ ਚਾਰਜ ਦੀ ਅਦਾਇਗੀ ਸਬੰਧੀ ਜੀ.ਐੱਮ ਫਾਇਨਾਂਸ ਸੁਰੇਸ਼ ਕੁਮਾਰ ਨਾਲ ਫੋਨ 'ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਗਿਆ।