CM ਮਾਨ ਵਿਰੁੱਧ ਨਿੰਦਾ ਪ੍ਰਸਤਾਵ ਬਾਰੇ ਵਿਧਾਨ ਸਭਾ 'ਚ ਹੰਗਾਮਾ, ਪਰਗਟ ਸਿੰਘ ਨੇ ਸਪੀਕਰ 'ਤੇ ਲਾਏ ਪੱਖਪਾਤ ਦੇ ਦੋਸ਼

Wednesday, Mar 11, 2026 - 12:39 PM (IST)

CM ਮਾਨ ਵਿਰੁੱਧ ਨਿੰਦਾ ਪ੍ਰਸਤਾਵ ਬਾਰੇ ਵਿਧਾਨ ਸਭਾ 'ਚ ਹੰਗਾਮਾ, ਪਰਗਟ ਸਿੰਘ ਨੇ ਸਪੀਕਰ 'ਤੇ ਲਾਏ ਪੱਖਪਾਤ ਦੇ ਦੋਸ਼

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਧਾਨ ਸਭਾ ਵਿਚ ਅੱਜ ਉਸ ਵੇਲੇ ਭਾਰੀ ਹੰਗਾਮਾ ਹੋਇਆ ਜਦੋਂ ਕਾਂਗਰਸ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ ਨਿੰਦਾ ਪ੍ਰਸਤਾਵ ਲਿਆਂਦਾ ਗਿਆ। ਵਿਧਾਨ ਸਭਾ ਸਪੀਕਰ ਵੱਲੋਂ ਇਹ ਮਤਾ ਪੇਸ਼ ਕਰਨ ਦੀ ਇਜਾਜ਼ਤ ਨਾ ਦੇਣ 'ਤੇ ਸਵਾਲ ਖੜ੍ਹੇ ਕਰਦਿਆਂ ਪਰਗਟ ਸਿੰਘ ਨੇ ਉਨ੍ਹਾਂ 'ਤੇ ਪੱਖਪਾਤ ਦੇ ਦੋਸ਼ ਲਗਾਏ ਹਨ। 

ਪਰਗਟ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਇਕ ਕਾਲਜ ਵਿਚ ਮਹਿਲਾ ਦਿਵਸ ਸਮਾਗਮ ਦੌਰਾਨ ਨੌਜਵਾਨ ਕੁੜੀਆਂ ਅਤੇ ਔਰਤਾਂ ਦੀ ਮੌਜੂਦਗੀ ਵਿਚ ਔਰਤਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਇਸ ਮਾਮਲੇ ਵਿਚ ਅੱਜ ਕਾਂਗਰਸ ਵੱਲੋਂ ਵਿਧਾਨ ਸਭਾ ਵਿਚ ਮੁੱਖ ਮੰਤਰੀ ਦੇ ਖ਼ਿਲਾਫ਼ ਨਿੰਦਾ ਪ੍ਰਸਤਾਵ ਲਿਆਂਦਾ ਗਿਆ ਸੀ, ਪਰ ਸਪੀਕਰ ਸਦਨ ਵਿਚ ਮੁੱਖ ਮੰਤਰੀ ਵਿਰੁੱਧ ਨਿੰਦਾ ਮਤਾ ਪੇਸ਼ ਕਰਨ ਦੀ ਇਜਾਜ਼ਤ ਕਿਉਂ ਨਹੀਂ ਦੇ ਰਹੇ?

ਉਨ੍ਹਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ 'ਤੇ ਪੱਖਪਾਤੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕ ਸਭਾ ਸਪੀਕਰ ਓਮ ਬਿਰਲਾ 'ਤੇ ਪੱਖਪਾਤੀ ਵਿਵਹਾਰ ਦੇ ਦੋਸ਼ ਲੱਗਦੇ ਹਨ, ਬਿਲਕੁਲ ਉਹੀ ਤਰੀਕਾ ਹੁਣ ਪੰਜਾਬ ਵਿਧਾਨ ਸਭਾ ਵਿਚ ਸਪੀਕਰ ਸੰਧਵਾਂ ਵੱਲੋਂ ਅਪਣਾਇਆ ਜਾ ਰਿਹਾ ਹੈ। ਵਿਧਾਇਕ ਪਰਗਟ ਸਿੰਘ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ 'ਬੀ-ਟੀਮ' (ਆਮ ਆਦਮੀ ਪਾਰਟੀ) ਵੱਲੋਂ 'ਏ-ਟੀਮ' (ਭਾਜਪਾ) ਦੇ ਸੰਸਦੀ ਮਾਡਲ ਦੀ ਨਕਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਦਨ ਦੀ ਮਰਿਆਦਾ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਵਾਲਾ ਮਾਡਲ ਹੀ ਪੰਜਾਬ ਵਿਚ ਦੁਹਰਾਇਆ ਜਾ ਰਿਹਾ ਹੈ।


author

Anmol Tagra

Content Editor

Related News