'ਮੇਰੀ ਗੈਰ-ਹਾਜ਼ਰੀ 'ਚ ਨਿੰਦਾ ਪ੍ਰਸਤਾਵ ਕਿਵੇਂ ਲਿਆਂਦਾ ਗਿਆ?', ਸਦਨ 'ਚ ਸਪੀਕਰ ਨੂੰ ਪੁੱਛਣਗੇ ਸੁਖਪਾਲ ਖਹਿਰਾ

Wednesday, Mar 11, 2026 - 10:28 AM (IST)

'ਮੇਰੀ ਗੈਰ-ਹਾਜ਼ਰੀ 'ਚ ਨਿੰਦਾ ਪ੍ਰਸਤਾਵ ਕਿਵੇਂ ਲਿਆਂਦਾ ਗਿਆ?', ਸਦਨ 'ਚ ਸਪੀਕਰ ਨੂੰ ਪੁੱਛਣਗੇ ਸੁਖਪਾਲ ਖਹਿਰਾ

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਦੇ ਫ਼ੈਸਲੇ 'ਤੇ ਤਿੱਖਾ ਇਤਰਾਜ਼ ਜਤਾਉਂਦੇ ਹੋਏ ਵੱਡਾ ਬਿਆਨ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਉਹ ਅੱਜ ਹਾਊਸ ਦੇ ਅੰਦਰ ਖੜ੍ਹ ਕੇ ਸਪੀਕਰ ਨੂੰ ਇਹ ਪੁੱਛਣਗੇ ਕਿ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਉਨ੍ਹਾਂ ਖ਼ਿਲਾਫ਼ ਨਿੰਦਾ ਪ੍ਰਸਤਾਵ ਕਿਹੜੇ ਨਿਯਮ ਤਹਿਤ ਲਿਆਂਦਾ ਗਿਆ। ਖਹਿਰਾ ਨੇ ਕਿਹਾ ਕਿ ਜਦੋਂ ਇਹ ਮਤਾ ਲਿਆਂਦਾ ਗਿਆ, ਉਸ ਵੇਲੇ ਉਹ ਵਿਧਾਨ ਸਭਾ 'ਚ ਮੌਜੂਦ ਨਹੀਂ ਸਨ। ਉਨ੍ਹਾਂ ਦੱਸਿਆ ਕਿ ਉਸ ਦਿਨ ਉਹ ਸਮਾਣਾ 'ਚ ਚੱਲ ਰਹੇ ਟਾਵਰ ਮੋਰਚੇ 'ਚ ਭਾਈ ਗੁਰਜੀਤ ਸਿੰਘ ਖਾਲਸਾ ਦੇ ਨਾਲ ਜਾਣ ਲਈ ਗਏ ਹੋਏ ਸਨ ਅਤੇ ਇਸ ਕਰਕੇ ਉਹ ਹਾਊਸ 'ਚ ਹਾਜ਼ਰ ਨਹੀਂ ਹੋ ਸਕੇ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ! ਤਨਖ਼ਾਹਾਂ ਬਾਰੇ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਉਨ੍ਹਾਂ ਦਲੀਲ ਦਿੱਤੀ ਕਿ ਜਦੋਂ ਕੋਈ ਮੈਂਬਰ ਹਾਊਸ 'ਚ ਮੌਜੂਦ ਹੀ ਨਹੀਂ ਹੁੰਦਾ ਤਾਂ ਉਸਨੂੰ ਆਪਣੀ ਗੱਲ ਰੱਖਣ ਅਤੇ ਆਪਣੇ ਆਪ ਦਾ ਬਚਾਅ ਕਰਨ ਦਾ ਮੌਕਾ ਵੀ ਨਹੀਂ ਮਿਲਦਾ। ਖਹਿਰਾ ਨੇ ਤਿੱਖੇ ਸ਼ਬਦਾਂ 'ਚ ਕਿਹਾ ਕਿ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਨਿੰਦਾ ਪ੍ਰਸਤਾਵ ਲਿਆਉਣਾ ਅਤੇ ਪਾਸ ਕਰਨਾ ਠੀਕ ਪ੍ਰਕਿਰਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਡਿਫੈਂਡ ਵੀ ਨਹੀਂ ਕਰ ਸਕਦਾ ਸੀ, ਨਾ ਹੀ ਆਪਣੇ ਬਾਰੇ ਕੁੱਝ ਦੱਸ ਸਕਦਾ ਸੀ। ਮੇਰੀ ਗੈਰ-ਹਾਜ਼ਰੀ 'ਚ ਕਾਇਰਾਂ ਵਾਂਗ ਅਤੇ ਚੋਰਾਂ ਵਾਂਗ ਇੱਕ ਮਤਾ ਪਾਸ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਅੱਜ  ਵਿਧਾਨ ਸਭਾ ਦੀ ਕਾਰਵਾਈ ਦੌਰਾਨ ਉਹ ਖੜ੍ਹ ਕੇ ਸਪੀਕਰ ਤੋਂ ਸਪੱਸ਼ਟੀਕਰਨ ਮੰਗਣਗੇ ਕਿ ਕਿਹੜੇ ਰੂਲ ਦੇ ਤਹਿਤ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ। ਖਹਿਰਾ ਦੇ ਇਸ ਬਿਆਨ ਤੋਂ ਇਹ ਸਾਫ਼ ਹੋ ਗਿਆ ਹੈ ਕਿ ਅੱਜ ਵੀ ਵਿਧਾਨ ਸਭਾ ਦੇ ਅੰਦਰ ਇਸ ਮਸਲੇ ‘ਤੇ ਤਿੱਖੀ ਚਰਚਾ ਅਤੇ ਹੰਗਾਮਾ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ LPG ਗੈਸ ਸਿਲੰਡਰਾਂ ਦੀ ਸਪਲਾਈ ਬੰਦ! ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਵਿਗੜਨ ਦੇ ਆਸਾਰ

ਕੀ ਹੈ ਪੂਰਾ ਮਾਮਲਾ

ਦੱਸਣਯੋਗ ਹੈ ਕਿ ਬੀਤੇ ਦਿਨ ਤੋਂ ਵਿਧਾਨ ਸਭਾ 'ਚ ਸੁਖਪਾਲ ਖਹਿਰਾ ਦੇ ਔਰਤਾਂ ਦੇ ਗਿੱਧਾ ਪਾਉਣ ਅਤੇ ਸੂਰਮੇ ਜੰਮਣ ਵਾਲੇ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਬਣਿਆ ਹੋਇਆ ਹੈ ਅਤੇ ਇਸੇ ਮਾਮਲੇ ਨੂੰ ਲੈ ਕੇ ਹਾਊਸ ਦੇ ਅੰਦਰ ਨਿੰਦਾ ਪ੍ਰਸਤਾਵ ਵੀ ਲਿਆਂਦਾ ਗਿਆ ਸੀ। ਹੁਣ ਖਹਿਰਾ ਵੱਲੋਂ ਸਪੀਕਰ ਦੇ ਫ਼ੈਸਲੇ ‘ਤੇ ਸਵਾਲ ਚੁੱਕਣ ਨਾਲ ਇਹ ਮਾਮਲਾ ਹੋਰ ਭਖ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News