ਕ੍ਰਿਸਮਸ ''ਤੇ ਡੀਜੇ ਲਾਉਣ ਦਾ ਵਿਰੋਧ, ਇਕੱਠਾ ਹੋ ਗਿਆ ਸਾਰਾ ਪਿੰਡ

Thursday, Dec 25, 2025 - 08:40 PM (IST)

ਕ੍ਰਿਸਮਸ ''ਤੇ ਡੀਜੇ ਲਾਉਣ ਦਾ ਵਿਰੋਧ, ਇਕੱਠਾ ਹੋ ਗਿਆ ਸਾਰਾ ਪਿੰਡ

ਮਾਛੀਵਾੜਾ ਸਾਹਿਬ (ਟੱਕਰ) : ਨੇੜ੍ਹਲੇ ਪਿੰਡ ਮਾਛੀਵਾੜਾ ਖਾਮ ਵਿਖੇ ਅੱਜ ਕ੍ਰਿਸਮਸ ਦਿਹਾੜੇ ਮੌਕੇ ਡੀ.ਜੇ. ਲਗਾਉਣ ਦਾ ਪਿੰਡ ਵਾਸੀਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਵਲੋਂ ਵਿਰੋਧ ਕੀਤਾ ਗਿਆ। ਪਿੰਡ ਦੇ ਸਰਕਾਰੀ ਸਕੂਲ ਮੈਦਾਨ ਵਿਚ ਟੈਂਟ ਲਗਾ ਕੇ ਈਸਾਈ ਭਾਈਚਾਰੇ ਵਲੋਂ ਕ੍ਰਿਸਮਿਸ ਦਾ ਦਿਹਾੜਾ ਮਨਾਇਆ ਜਾ ਰਿਹਾ ਸੀ ਜਿਸ ਵਿਚ ਉੱਚੀ ਅਵਾਜ਼ ਵਿਚ ਡੀ.ਜੇ. ਲਗਾਇਆ ਹੋਇਆ ਸੀ। ਪਿੰਡ ਦੇ ਕੁਝ ਨੌਜਵਾਨ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸਮਰਥਕ ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਲੋਕ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਇਹ ਡੀ.ਜੇ. ਲਗਾਉਣ ਦਾ ਵਿਰੋਧ ਕਰਦਿਆਂ ਇਸ ਨੂੰ ਬੰਦ ਕਰਵਾ ਦਿੱਤਾ। 

ਲੋਕਾਂ ਦਾ ਕਹਿਣਾ ਸੀ ਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਅਤੇ ਇਨ੍ਹਾਂ ਦਿਨਾਂ ਵਿਚ ਚਾਰ ਸਾਹਿਬਾਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਈ ਜਿਸ ਕਾਰਨ ਸਾਰੇ ਸੂਬੇ ਦੇ ਲੋਕ ਇਨ੍ਹਾਂ ਨੂੰ ਸੋਗਮਈ ਮਨਾਉਂਦੇ ਹਨ। ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਇੱਕ ਤਾਂ ਇਸ ਸਮਾਗਮ ਦੀ ਕੋਈ ਪੰਚਾਇਤ ਜਾਂ ਸਰਕਾਰੀ ਪ੍ਰਵਾਨਗੀ ਨਹੀਂ ਲਈ ਗਈ ਅਤੇ ਦੂਜਾ ਇਨ੍ਹਾਂ ਸੋਗਮਈ ਦਿਨਾਂ ਵਿਚ ਡੀ.ਜੇ. ਲਗਾ, ਢੋਲਕੀਆਂ, ਛੈਣੇ ਖੜਕਾ ਕੇ ਭੰਗੜੇ ਪਾਉਣਾ ਬੇਹੱਦ ਮੰਦਭਾਗਾ ਹੈ। ਸੂਚਨਾ ਮਿਲਦੇ ਹੀ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਦੋਵਾਂ ਧਿਰਾਂ ਨੂੰ ਸ਼ਾਂਤਮਈ ਢੰਗ ਨਾਲ ਸਮਝਾਇਆ। ਵਿਰੋਧ ਕਰਨ ’ਤੇ ਕ੍ਰਿਸਮਸ ਮਨਾ ਰਹੇ ਈਸਾਈ ਭਾਈਚਾਰੇ ਵੱਲੋਂ ਡੀਜੇ ਬੰਦ ਕਰ ਦਿੱਤਾ ਗਿਆ ਅਤੇ ਕੇਵਲ ਲੰਗਰ ਵਰਤਾ ਕੇ ਸਮਾਗਮ ਸਮਾਪਤ ਕਰ ਦਿੱਤਾ। ਇਸ ਸਬੰਧੀ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਇਹ ਕ੍ਰਿਸਮਸ ਦਿਹਾੜਾ ਸਰਕਾਰੀ ਜਗ੍ਹਾ ’ਤੇ ਪੰਚਾਇਤ ਦੀ ਮੰਨਜ਼ੂਰੀ ਤੋਂ ਬਿਨ੍ਹਾਂ ਮਨਾਇਆ ਜਾ ਰਿਹਾ ਸੀ ਅਤੇ ਲੋਕਾਂ ਵਲੋਂ ਡੀ.ਜੇ. ਲਗਾਉਣ ਦਾ ਵਿਰੋਧ ਕੀਤਾ ਗਿਆ ਜਿਸ ਕਾਰਨ ਇਹ ਸਮਾਗਮ ਬਿਨ੍ਹਾਂ ਕਿਸੇ ਵਿਵਾਦ ਤੋਂ ਬੰਦ ਕਰਵਾ ਦਿੱਤਾ ਗਿਆ।


author

Baljit Singh

Content Editor

Related News