BMW ਹੋ ਗਈ Out of Control! ਜਾਨ ਬਚਾਉਣ ਵਾਲੇ ਲੋਕਾਂ ਨਾਲ ਹੀ ਲੜ ਪਿਆ ਮਾਲਕ
Tuesday, Dec 23, 2025 - 02:24 PM (IST)
ਲੁਧਿਆਣਾ (ਰਾਜ): ਸੋਮਵਾਰ ਨੂੰ ਫਿਰੋਜ਼ਪੁਰ ਰੋਡ ’ਤੇ ਐਲੀਵੇਟਿਡ ਪੁਲ ’ਤੇ ਇਕ ਤੇਜ਼ ਰਫ਼ਤਾਰ ਬੀ. ਐੱਮ. ਡਬਲਯੂ. ਕਾਰ ਦੇ ਚਾਲਕ ਨੇ ਆਪਣਾ ਕੰਟਰੋਲ ਗੁਆ ਦਿੱਤਾ। ਇਸ ਦੌਰਾਨ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਟਾਇਰ ਫਟ ਗਿਆ ਅਤੇ ਸਾਹਮਣੇ ਵਾਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਗਿਆ।
ਪੁਲ ’ਤੇ ਕੰਮ ਕਰ ਰਹੇ ਮਜ਼ਦੂਰ ਤੁਰੰਤ ਕਾਰ ਕੋਲ ਪਹੁੰਚੇ, ਕਾਰ ਖੋਲ੍ਹੀ ਅਤੇ ਡਰਾਈਵਰ ਨੂੰ ਬਾਹਰ ਕੱਢਿਆ। ਹਾਲਾਂਕਿ ਬਾਹਰ ਕੱਢੇ ਜਾਣ ’ਤੇ ਡਰਾਈਵਰ ਨੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਸ਼ੱਕ ਪੈਦਾ ਹੋਇਆ ਕਿ ਉਹ ਸ਼ਰਾਬੀ ਹੋ ਸਕਦਾ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲ ’ਤੇ ਪੇਂਟਰ ਦਾ ਕੰਮ ਕਰਨ ਵਾਲੇ ਕੁਲਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਉਸ ਨੇ ਕਾਰ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਆਉਂਦੇ ਦੇਖਿਆ। ਉਸ ਨੇ ਪਹਿਲਾਂ ਫੁੱਟਪਾਥ ਡਿਵਾਈਡਰ ਨਾਲ ਟੱਕਰ ਮਾਰ ਦਿੱਤੀ। ਡਰਾਈਵਰ ਸ਼ਰਾਬੀ ਹਾਲਤ ਵਿਚ ਸੀ। ਜਦੋਂ ਉਨ੍ਹਾਂ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਹਾਦਸੇ ’ਚ ਕਾਰ ਦਾ ਅਗਲਾ ਪਹੀਆ ਫਟ ਗਿਆ। ਦੋਵੇਂ ਅਗਲੀਆਂ ਸੀਟਾਂ ਵਾਲੇ ਏਅਰਬੈਗ ਖੁੱਲ੍ਹੇ ਹੋਏ ਸਨ। ਡਰਾਈਵਰ ਮੌਕੇ ਤੋਂ ਭੱਜ ਗਿਆ। ਪੁਲਸ ਮੌਕੇ ’ਤੇ ਪਹੁੰਚੀ, ਕਾਰ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਮਾਲਕ ਦੇ ਪਰਿਵਾਰ ਨੂੰ ਸੂਚਿਤ ਕੀਤਾ।
