ਹਾਈਵੇ ’ਤੇ ਟਰੱਕ ਅਤੇ ਤੇਲ ਟੈਂਕਰ ਵਿਚਾਲੇ ਟੱਕਰ, ਲੋਕ ‘ਲੁੱਟ’ ਕੇ ਲੈ ਗਏ ਡੀਜ਼ਲ

Friday, Apr 15, 2022 - 07:11 PM (IST)

ਹਾਈਵੇ ’ਤੇ ਟਰੱਕ ਅਤੇ ਤੇਲ ਟੈਂਕਰ ਵਿਚਾਲੇ ਟੱਕਰ, ਲੋਕ ‘ਲੁੱਟ’ ਕੇ ਲੈ ਗਏ ਡੀਜ਼ਲ

ਭਵਾਨੀਗੜ੍ਹ (ਵਿਕਾਸ) : ਪਿੰਡ ਬਾਲਦ ਕੋਠੀ ਨੇੜੇ ਪੁਲ ਹੇਠਾਂ ਸ਼ੁੱਕਰਵਾਰ ਸਵੇਰੇ ਇਕ ਟਰੱਕ ਤੇ ਤੇਲ ਵਾਲੇ ਟੈਂਕਰ 'ਚ ਟੱਕਰ ਹੋ ਗਈ। ਇਸ ਹਾਦਸੇ 'ਚ ਜਿੱਥੇ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ, ਉੱਥੇ ਹੀ ਟੱਕਰ ਤੋਂ ਬਾਅਦ ਟੈਂਕਰ ਦੀ ਤੇਲ ਵਾਲੀ ਟੈਂਕੀ ਦਾ ਇਕ ਚੈਂਬਰ ਫਟ ਗਿਆ ਤੇ ਉਸ ਵਿੱਚੋਂ ਡੁੱਲ੍ਹ ਕੇ ਹਜ਼ਾਰਾਂ ਲੀਟਰ ਡੀਜ਼ਲ ਚੰਡੀਗੜ੍ਹ-ਬਠਿੰਡਾ ਹਾਈਵੇ 'ਤੇ ਫੈਲ ਗਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਲੋਕਾਂ 'ਚ ਸੜਕ ਦੇ ਵਿਚਕਾਰੋਂ ਹੀ ਟੈਂਕਰ 'ਚੋਂ ਡੁੱਲ੍ਹ ਰਹੇ ਡੀਜ਼ਲ ਨੂੰ ਭਰਨ ਲਈ ਆਪੋਧਾਪੀ ਮਚ ਗਈ ਤੇ ਲੋਕ ਜੱਗ, ਕੇਨੀਆਂ ਤੇ ਡਰੰਮਾਂ ਨਾਲ ਟੈਂਕਰ 'ਚੋਂ ਤੇਲ ਭਰ ਕੇ ਲਿਜਾਂਦੇ ਨਜ਼ਰ ਆਏ। ਦੇਖਦੇ ਹੀ ਦੇਖਦੇ ਲੋਕਾਂ ਨੇ ਸੈਂਕੜੇ ਲੀਟਰ ਤੇਲ 'ਗਾਇਬ' ਕਰ ਦਿੱਤਾ। ਇਸ ਤੋਂ ਇਲਾਵਾ ਕਾਫੀ ਮਾਤਰਾ ਵਿਚ ਤੇਲ ਸੜਕ ਵਿਚਕਾਰ ਪਾਣੀ ਵਾਗੂ ਰੁੜ੍ਹ ਕੇ ਬਰਬਾਦ ਹੋ ਗਿਆ। ਕਈ ਲੋਕ ਤੇਲ ਤੋਂ ਤਿਲਕ ਕੇ ਸੜਕ 'ਤੇ ਡਿੱਗ ਵੀ ਗਏ। ਹਾਲਾਂਕਿ ਰਾਹਤ ਵਾਲੀ ਗੱਲ ਇਹ ਰਹੀ ਕਿ ਹਾਦਸੇ 'ਚ ਦੋਵਾਂ ਵਾਹਨਾਂ ਦੇ ਚਾਲਕਾਂ ਦਾ ਕਿਸੇ ਸੱਟ-ਚੋਟ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ ਬਿਜਲੀ ਸੰਕਟ ਹੋਇਆ ਡੂੰਘਾ, ਕੋਲਾ ਖ਼ਤਮ ਹੋਣ ਕਾਰਨ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਬੰਦ

PunjabKesari

ਇਸ ਮੌਕੇ ਟੈਂਕਰ ਚਾਲਕ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਤੇਲ ਨਾਲ ਭਰਿਆ ਟੈਂਕਰ ਲੈ ਕੇ ਸਮਾਣਾ ਜਾ ਰਿਹਾ ਸੀ ਤਾਂ ਭਵਾਨੀਗੜ੍ਹ ਨੇੜੇ ਨਾਭਾ-ਸਮਾਣਾ ਕੈਂਚੀਆਂ ਵਾਲੇ ਪੁਲ ਹੇਠਾਂ ਨਾਭਾ ਸਾਈਡ ਤੋਂ ਆਉਂਦੇ ਕਣਕ ਨਾਲ ਭਰੇ ਟਰੱਕ ਨੇ ਟੈਂਕਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਅੰਦਾਜ਼ਨ 4 ਹਜ਼ਾਰ 500 ਲੀਟਰ ਡੀਜ਼ਲ ਦਾ ਨੁਕਸਾਨ ਹੋ ਗਿਆ। ਉਸ ਨੇ ਦੱਸਿਆ ਕਿ ਟੈਂਕਰ 'ਚ ਕੁੱਲ 18 ਹਜ਼ਾਰ ਲੀਟਰ ਤੇਲ ਸੀ, ਜਦੋਂਕਿ ਦੂਜੇ ਪਾਸੇ ਟਰੱਕ ਚਾਲਕ ਜਗਸੀਰ ਸਿੰਘ ਮਾਝੀ ਦਾ ਕਹਿਣਾ ਸੀ ਕਿ ਆਪਣੀ ਗੱਡੀ 'ਚ ਕਣਕ ਦੇ ਥੈਲੇ ਭਰ ਕੇ ਲੋਕਲ ਗੇੜਾ ਲਾ ਰਿਹਾ ਸੀ ਕਿ ਇਸ ਦੌਰਾਨ ਤੇਜ਼ ਰਫ਼ਤਾਰ ਉਕਤ ਟੈਂਕਰ ਅਚਾਨਕ ਉਸ ਦੇ ਅੱਗੇ ਆ ਗਿਆ, ਜਿਸ ਕਰਕੇ ਹਾਦਸਾ ਵਾਪਰ ਗਿਆ। ਉਸ ਨੇ ਦੱਸਿਆ ਕਿ ਹਾਦਸੇ 'ਚ ਉਸ ਦੇ ਟਰੱਕ ਦੇ ਅਗਲੇ ਹਿੱਸੇ ਦਾ ਕਾਫੀ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ : ਬੱਚਿਆਂ ਦੀ ਜਾਨ ਨਾਲ ਖਿਲਵਾੜ: ਜ਼ਿਲ੍ਹੇ ਦੇ 300 ਤੋਂ ਵੱਧ ਸਕੂਲਾਂ ’ਚ ਨਹੀਂ ਲੱਗੇ ਅੱਗ ਬੁਝਾਊ ਯੰਤਰ

ਉਧਰ ਥਾਣਾ ਮੁਖੀ ਭਵਾਨੀਗੜ੍ਹ ਦੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਰੋਡ ਨੂੰ ਕਲੀਅਰ ਕਰਵਾਇਆ। ਉਨ੍ਹਾਂ ਕਿਹਾ ਕਿ ਹਾਦਸੇ ਸਬੰਧੀ ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ ਪਰ ਵੱਡੀ ਗੱਲ ਇਹ ਹੈ ਕਿ ਉਕਤ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਹਾਜ਼ਰ ਲੋਕਾਂ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਕਾਰਨ ਹਾਦਸੇ ਤੋਂ ਬਾਅਦ ਤੇਲ ਨੂੰ ਅੱਗ ਵੀ ਲੱਗ ਸਕਦੀ ਸੀ, ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਲੋਕ ਇਸ ਦੀ ਪ੍ਰਵਾਹ ਕੀਤੇ ਬਿਨਾਂ ਡੀਜ਼ਲ ਇਕੱਠਾ ਕਰਨ 'ਚ ਲੱਗੇ ਰਹੇ।

ਇਹ ਵੀ ਪੜ੍ਹੋ : ਸੰਸਾਰਪੁਰ 'ਚ 25 ਸਾਲਾ ਰਾਜ ਮਿਸਤਰੀ ਦੀ ਸ਼ੱਕੀ ਹਾਲਾਤ 'ਚ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News