ਪੰਜਾਬ: Petrol Pumps ''ਤੇ ਲੱਗੀਆਂ ਲੰਮੀਆਂ ਕਤਾਰਾਂ, ''ਟੈਂਕੀ ਫੁੱਲ'' ਕਰਵਾਉਣ ਦੇ ਨਾਲ-ਨਾਲ ਡਰੰਮ ਵੀ ਲੈ ਕੇ ਪਹੁੰਚੇ ਲੋਕ
Wednesday, Mar 04, 2026 - 02:38 PM (IST)
ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ): ਇਜ਼ਰਾਇਲ ਤੇ ਅਮਰੀਕਾ ਵੱਲੋਂ ਸਾਂਝੇ ਤੌਰ 'ਤੇ ਈਰਾਨ ਦੇ ਖ਼ਿਲਾਫ਼ ਜੰਗ ਛੇੜ ਦਿੱਤੀ ਗਈ ਹੈ, ਜਿਸ ਦਾ ਅਸਰ ਗੁਰਦਾਸਪੁਰ ਜ਼ਿਲ੍ਹੇ ਦੇ ਪੈਟਰੋਲ ਪੰਪਾਂ 'ਤੇ ਵੀ ਦੇਖਣ ਨੂੰ ਮਿਲਿਆ। ਬੀਤੇ ਕੱਲ ਦੀਆਂ ਸੋਸ਼ਲ ਮੀਡੀਆ 'ਤੇ ਇਹ ਖ਼ਬਰਾਂ ਤੇਜ਼ੀ ਦੇ ਨਾਲ ਆ ਰਹੀਆਂ ਸੀ ਕਿ ਈਰਾਨ ਵੱਲੋਂ ਸਮੁੰਦਰੀ ਰਸਤੇ ਰਾਹੀਂ ਭਾਰਤ ਸਮੇਤ ਹੋਰ ਦੇਸ਼ਾਂ ਵਿਚ ਆਉਣ ਵਾਲੇ ਕੱਚੇ ਤੇਲ ਨੂੰ ਰੋਕਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੇ ਵਿਚ ਇਹ ਗੱਲ ਫੈਲ ਗਈ ਹੈ ਕਿ ਸ਼ਾਇਦ ਅਗਲੇ ਦਿਨਾਂ ਦੇ ਵਿਚ ਪੈਟਰੋਲ ਡੀਜ਼ਲ ਮਿਲਣਾ ਬੰਦ ਨਾ ਹੋ ਜਾਵੇ ਜਾਂ ਕਿਤੇ ਉਨ੍ਹਾਂ ਦੇ ਰੇਟ ਨਾ ਵੱਧ ਜਾਣ।


ਇਸ ਨੂੰ ਲੈ ਕੇ ਅੱਜ ਧਾਰੀਵਾਲ ਦੇ ਪੈਟਰੋਲ ਪੰਪਾਂ ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਜੇਕਰ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਰਿਲਾਇੰਸ ਜੀਓ ਪੰਪ ਦੀ ਗੱਲ ਕਰੀਏ ਤਾਂ ਇੱਥੇ ਲੋਕਾਂ ਦਾ ਵੱਡਾ ਹਜੂਮ ਕਤਾਰਾਂ ਦੇ ਵਿਚ ਦਿਖਾਈ ਦਿੱਤਾ। ਇਥੋਂ ਤੱਕ ਕਿ ਲੋਕ ਜਿੱਥੇ ਆਪਣੇ ਵਾਹਨਾਂ ਦੇ ਵਿਚ ਪੈਟਰੋਲ ਡੀਜ਼ਲ ਪਵਾਉਂਦੇ ਨਜ਼ਰ ਆਏ, ਉੱਥੇ ਹੀ ਕਈ ਲੋਕ ਡਰੰਮ, ਕੈਨੀਆਂ ਤੇ ਬੋਤਲਾਂ ਤੱਕ ਲੈ ਕੇ ਆਏ ਹੋਏ ਸੀ। ਇਸ ਤੋਂ ਇਲਾਵਾ ਸ਼ਾਹ ਪੈਟਰੋਲ ਪੰਪ 'ਤੇ ਤਾਂ ਤੇਲ ਹੀ ਖ਼ਤਮ ਹੋ ਗਿਆ।


ਗੱਲਬਾਤ ਦੌਰਾਨ ਲੋਕਾਂ ਨੇ ਕਿਹਾ ਕਿ ਖ਼ਬਰਾਂ ਸੁਣ ਕੇ ਲੱਗ ਰਿਹਾ ਹੈ ਕਿ ਅਗਲੇ ਦਿਨਾਂ ਦੇ ਵਿਚ ਪੈਟਰੋਲ ਡੀਜ਼ਲ ਦੀ ਕਿੱਲਤ ਆ ਸਕਦੀ ਹੈ। ਜਦੋਂ ਰਿਲਾਇੰਸ ਜੀਓ ਪੰਪ ਧਾਰੀਵਾਲ ਦੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸਟੋਕ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਲੋਕ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ, ਉਨ੍ਹਾਂ ਦੇ ਕੋਲ ਕਈ ਦਿਨਾਂ ਦਾ ਸਟੋਕ ਹੈ ਅਤੇ ਉਨ੍ਹਾਂ ਦੇ ਪੈਟਰੋਲ ਪੰਪ 'ਤੇ ਪੈਟਰੋਲ-ਡੀਜ਼ਲ ਦੀ ਸਪਲਾਈ ਲਗਾਤਾਰ ਜਾਰੀ ਰਹੇਗੀ।
