ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ, ਚੱਲੀਆਂ ਤਾਬੜਤੋੜ ਗੋਲ਼ੀਆਂ
Friday, Mar 13, 2026 - 05:59 PM (IST)
ਬਠਿੰਡਾ (ਵਿਜੇ ਵਰਮਾ) : ਸ਼ਹਿਰ ਦੇ ਨਰੂਆਣਾ-ਬੀੜ ਰੋਡ ਇਲਾਕੇ ਵਿਚ ਪਲਾਟ ਦੀ ਨਿਸ਼ਾਨਦੇਹੀ ਅਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਤਕਰਾਰ ਦੌਰਾਨ ਤਾਬੜ-ਤੋੜ ਫਾਇਰਿੰਗ ਹੋਣ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਦੀ ਇਤਲਾਹ ਮਿਲਦੇ ਹੀ ਬਠਿੰਡਾ ਪੁਲਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀਐੱਸਪੀ ਸੰਦੀਪ ਭਾਟੀ ਮੁਤਾਬਕ ਨਰੂਆਣਾ ਰੋਡ ’ਤੇ ਜਲੰਧਰ ਸਿੰਘ ਅਤੇ ਰਣਜੀਤ ਕੌਰ ਦੇ ਪਲਾਟ ਦੀ ਨਿਸ਼ਾਨਦੇਹੀ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਕਰਾਰ ਹੋ ਗਈ। ਜਲੰਧਰ ਸਿੰਘ ਦੀ ਮਦਦ ਲਈ ਲਾਲ ਸਿੰਘ ਅਤੇ ਹਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ, ਜਦਕਿ ਰਣਜੀਤ ਕੌਰ ਦੀ ਪੱਖੋਂ ਦਿਲਪ੍ਰੀਤ ਨਰੂਆਣਾ ਉੱਥੇ ਆਇਆ। ਤਕਰਾਰ ਵਧਣ ’ਤੇ ਦਿਲਪ੍ਰੀਤ ਨਰੂਆਣਾ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਲਾਲ ਸਿੰਘ ਅਤੇ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਏ। ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਚ ਦਾਖਲ ਕਰਵਾਇਆ ਗਿਆ ਹੈ।
ਪੁਲਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਫਾਇਰਿੰਗ ਲਾਇਸੈਂਸੀ ਹਥਿਆਰ ਨਾਲ ਕੀਤੀ ਗਈ ਸੀ ਜਾਂ ਗੈਰ-ਲਾਇਸੈਂਸੀ ਨਾਲ। ਫਿਲਹਾਲ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਪਰ ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਆਰੋਪੀਆਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
