193 ਲੱਖ ਵਾਲੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕਥਿਤ ਤੌਰ 'ਤੇ ਕੀਤਾ ਗਿਆ ਵੱਡਾ ਘਪਲਾ
Thursday, Jun 09, 2022 - 03:45 PM (IST)
ਮੋਗਾ (ਗੋਪੀ ਰਾਊਕੇ): ਨਗਰ ਨਿਗਮ ਮੋਗਾ ਵਿਚ ਪ੍ਰਤੀਦਿਨ ਕਥਿਤ ਤੌਰ ’ਤੇ ਸਾਹਮਣੇ ਆ ਰਹੇ ਵੱਡੇ ਘੁਟਾਲਿਆਂ ਦੇ ਚੱਲਦੇ ਜਿੱਥੇ ਨਗਰ ਨਿਗਮ ਦੀ ਕੁਝ ਅਫਸਰਸ਼ਾਹੀ ਪ੍ਰਤੀ ਸ਼ਹਿਰ ਵਾਸੀਆਂ ਦਾ ਗੁੱਸਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਉਥੇ ਹੈਰਾਨੀ ਇਸ ਗੱਲ ਦੀ ਹੈ ਕਿ ਕਥਿਤ ਘੁਟਾਲੇ ਸਾਹਮਣੇ ਆਉਣ ਉਪਰੰਤ ਵੀ ਅਜੇ ਤੱਕ ਇਸ ਦੀ ਜਾਂਚ ਕਰਵਾ ਕੇ ਸੱਚ ਸਾਹਮਣੇ ਕਿਉਂ ਨਹੀਂ ਲਿਆਂਦੇ ਜਾ ਰਹੇ? ਹੁਣ ਦੋ ਦਿਨ ਪਹਿਲਾਂ ਹੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਪਾਰਕਾਂ ਨੂੰ ਵਿਕਸਿਤ ਕਰਨ ਦੇ ਲਈ ਕਰੋੜਾ ਰੁਪਏ ਕਥਿਤ ਤੌਰ ’ਤੇ ਖੂਹ ਖਾਤੇ ਪਾਉਣ ਦਾ ਮਾਮਲਾ ਅਜੇ ਜਾਂਚ ਅਧੀਨ ਹੈ ਅਤੇ ਇਸ ਦਰਮਿਆਨ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪਤਾ ਲੱਗਾ ਹੈ ਕਿ ਸ਼ਹਿਰ ਵਿਚ ਲੱਗ ਰਹੇ 193 ਲੱਖ ਦੇ ਐਸਟੀਮੇਟ ਵਾਲੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਵੀ ਕਥਿਤ ਤੌਰ ’ਤੇ ਵੱਡਾ ਘਪਲਾ ਹੋਇਆ ਹੈ।
ਇਹ ਵੀ ਪੜ੍ਹੋ- ਚੋਰਾਂ ਨੇ ਨਹੀਂ ਬਖ਼ਸ਼ੇ ਝੁੱਗੀਆਂ-ਝੌਪੜੀਆਂ 'ਚ ਰਹਿਣ ਵਾਲੇ ਲੋਕ , ਸੋਨੇ-ਚਾਂਦੀ ਅਤੇ ਨਗਦੀ ਲੈ ਹੋਏ ਫਰਾਰ
ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਨਗਰ ਨਿਗਮ ਨੇ ਸ਼ਹਿਰ ਨੂੰ ਸੁਰੱਖਿਅਤ ਬਨਾਉਣ ਦੇ ਲਈ ਸਮੁੱਚੇ ਸ਼ਹਿਰ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਰਣਨੀਤੀ ਬਣਾਈ ਸੀ, ਜਿਸ ਉਪਰੰਤ ਸ਼ਹਿਰ ਵਾਸੀਆਂ ਨੂੰ ਇਹ ਉਮੀਦ ਬਣੀ ਸੀ ਕਿ ਰੋਜਾਨਾ ਸ਼ਹਿਰ ਵਿਚ ਹੋ ਰਹੀਆਂ ਵਾਰਦਾਤਾਂ ’ਤੇ ਸਿਕੰਜਾ ਲੱਗੇਗਾ, ਪਰੰਤੂ ਇਨ੍ਹਾਂ ਕੈਮਰਿਆਂ ਨੂੰ ਲਗਾਉਣ ਵਿਚ ਲੋਕਾਂ ਆਪਣੇ ਖੂਨ ਪਸੀਨੇ ਦੀ ਕਮਾਈ ਵਿਚੋਂ ਦਿੱਤੇ ਜਾ ਰਹੇ ਟੈਕਸ ਦੇ ਹੋ ਰਹੇ ਦੁਰਉਪਯੋਗ ਤੋਂ ਵੀ ਸ਼ਹਿਰ ਵਾਸੀ ਖਫ਼ਾ ਹਨ।
ਨਗਰ ਨਿਗਮ ਦੇ ਪੁਰਾਣੇ ਠੇਕੇਦਾਰ ਨੇ ਖੋਲ੍ਹਿਆ ਭੇਦ
ਨਗਰ ਨਿਗਮ ਮੋਗਾ ਦੇ ਪੁਰਾਣੇ ਠੇਕੇਦਾਰ ਪ੍ਰਧਾਨ ਸੰਤੋਖ ਸਿੰਘ ਨੇ ਇਸ ਮਾਮਲੇ ਦੀ ਅਸਲੀਅਤ ਬਿਆਨ ਕਰਦੇ ਹੋਏ ਦੱਸਿਆ ਕਿ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਨੇ ਕਥਿਤ ਮਿਲੀਭੁਗਤ ਕਰ ਕੇ ਜਿਸ ਠੇਕੇਦਾਰ ਨੂੰ ਇਹ ਕਰੋੜਾਂ ਦਾ ਕੰਮ ਦਿੱਤਾ ਗਿਆ ਹੈ, ਉਸਨੇ ਪਹਿਲਾਂ ਕਦੇ ਵੀ ਸੀ. ਸੀ. ਟੀ. ਵੀ. ਕੈਮਰਿਆਂ ਦਾ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਨੇ ਕਾਨੂੰਨਾਂ ਦੀ ਕਥਿਤ ਅਣਦੇਖੀ ਕਰ ਕੇ ਚੋਰ ਮੋਰੀਆਂ ਰਾਹੀਂ ਟੈਂਡਰ ਵੀ ਮਨਜ਼ੂਰ ਕਰ ਦਿੱਤਾ।
ਇਹ ਵੀ ਪੜ੍ਹੋ- ਡਿਊਟੀ ਤੋਂ ਵਾਪਸ ਪਰਤ ਰਹੇ ਥਾਣੇਦਾਰ ਦੀ ਕੈਂਟਰ ਦੀ ਫੇਟ ਵੱਜਣ ਕਾਰਨ ਮੌਤ
ਉਨ੍ਹਾਂ ਕਿਹਾ ਕਿ ਕੈਮਰਿਆਂ ਦੀ ਕਥਿਤ ਕੁਆਲਿਟੀ ਵੀ ਪੈਸਿਆਂ ਦੇ ਹਿਸਾਬ ਨਾਲ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਬਕਾ ਕਮਿਸ਼ਨਰ ਨੇ ਇਸ ਕੈਮਰਿਆਂ ਦਾ ਟੈਂਡਰ ਦੇਣ ਵਿਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਜਿਸ ਠੇਕੇਦਾਰ ਨੂੰ ਟੈਂਡਰ ਦਿੱਤਾ ਹੈ, ਉਹ ਨਗਰ ਨਿਗਮ ਨੂੰ ਗੱਡੀਆਂ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਮਾਰਕੀਟ ਰੇਟ ਤੋਂ 4 ਤੋਂ 5 ਗੁਣਾਂ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਜੇ. ਈ. ਅਤੇ ਐੱਸ. ਡੀ. ਓ. ਪੱਧਰ ਦੇ ਅਧਿਕਾਰੀਆਂ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੱਚਮੁੱਚ ਭ੍ਰਿਸ਼ਟਾਚਾਰ ਮੁਕਤਸ਼ਾਸਨ ਦੇਣ ਲਈ ਵਚਨਬੱਧ ਹੈ ਤਾਂ ਮੋਗਾ ਨਗਰ ਨਿਗਮ ਦੇ ਕਥਿਤ ਘੋਟਾਲਿਆਂ ਦੀ ਜਾਂਚ ਕਿਉਂ ਨਹੀਂ ਕਰਵਾਈ ਜਾ ਰਹੀ ਹੈ ?
ਮੁੱਖ ਮੰਤਰੀ ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਭੇਜੇ ਸ਼ਿਕਾਇਤ ਪੱਤਰ
ਠੇਕੇਦਾਰ ਸੰਤੋਖ ਸਿੰਘ ਨੇ ਇਸ ਮਾਮਲੇ ਦੀ ਜਾਂਚ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਚੀਫ ਸਕੱਤਰ ਪੰਜਾਬ ਚੰਡੀਗੜ੍ਹ, ਚੀਫ਼ ਸਕੱਤਰ ਸਥਾਨਕ ਸਰਕਾਰਾਂ ਵਿਭਾਗ, ਐਡੀਸ਼ਨਲ ਚੀਫ ਸਕੱਤਰ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਮੋਗਾ ਅਤੇ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਨੂੰ ਵੀ ਸ਼ਿਕਾਇਤ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸਭ ਸਬੂਤਾਂ ਸਮੇਤ ਸ਼ਿਕਾਇਤ ਪੱਤਰ ਭੇਜੇ ਗਏ ਹਨ ਅਤੇ ਇਸ ਮਾਮਲੇ ਦੀ ਕਾਰਵਾਈ ਕਰਨਾ ਹੁਣ ਸਰਕਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਦੇ ਹੋਰ ਵੀ ਖੁਲਾਸੇ ਕੀਤੇ ਜਾਣਗੇ।
ਮੇਅਰ ਵੱਲੋਂ ਕੁਝ ਦਿਨ ਪਹਿਲਾਂ ਹੀ ਮੰਗਵਾਈ ਗਈ ਸੀ ਫਾਇਲ
ਨਗਰ ਨਿਗਮ ਮੋਗਾ ਦੇ ਮੇਅਰ ਨਿਤਿਕਾ ਭੱਲਾ ਨੇ ਵੀ ਇਸ ਮਾਮਲੇ ਵਿਚ ਕਥਿਤ ਤੌਰ ’ਤੇ ਘੁਟਾਲੇ ਦੇ ਸ਼ੱਕ ’ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੁਝ ਦਿਨ ਪਹਿਲਾਂ ਪਤਾ ਲੱਗਾ ਸੀ ਤਾਂ ਉਨ੍ਹਾਂ ਨੇ ਇਸ ਫੀ ਫਾਈਲ ਮੰਗਵਾਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਾਮਲੇ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਵਾਏਂ। ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਖਿਲਾਫ ਹੈ ਅਤੇ ਉਨ੍ਹਾਂ ਨੇ ਤਾਂ ਕੁਝ ਦਿਨ ਪਹਿਲਾਂ ਹੀ ਆਪਣੇ ਵਾਰਡ ਦੇ ਭ੍ਰਿਸ਼ਟਾਚਾਰ ਨੂੰ ਵੀ ਬੇਪਰਦ ਕੀਤਾ ਸੀ। ਉਨ੍ਹਾਂ ਕਿਹਾ ਕਿ ਠੇਕੇਦਾਰ ਸੰਤੋਖ ਸਿੰਘ ਨੇ ਜੋ ਵੀ ਸ਼ਿਕਾਇਤ ਕੀਤੀ ਹੈ, ਉਸ ’ਤੇ ਕਾਰਵਾਈ ਕੀਤੀ ਜਾਵੇ।
ਨੋਟ- ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।