ਡਿਊਟੀ ''ਚ ਰੁਕਾਵਟ ਪਾਉਣ ''ਤੇ ਈ. ਟੀ. ਟੀ. ਅਧਿਆਪਕ ਸਸਪੈਂਡ
Tuesday, Feb 04, 2020 - 08:49 PM (IST)

ਬਠਿੰਡਾ, (ਪਰਮਿੰਦਰ)— ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਫੇਰੀ ਦੌਰਾਨ ਡੀ. ਟੀ. ਐੱਫ. ਅਧਿਆਪਕਾਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਦੇ ਦੋਸ਼ 'ਚ ਡੀ. ਟੀ. ਐੱਫ. ਦੀ ਅਧਿਕਾਰੀ ਈ. ਟੀ. ਟੀ. ਅਧਿਆਪਕਾ ਨਵਚਰਨਪ੍ਰੀਤ ਕੌਰ ਨੂੰ ਸਿੱਖਿਆ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ। ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਬਸਤੀ ਬੁਰਜ ਕਾਹਨ ਸਿੰਘ ਵਾਲਾ, ਬਲਾਕ ਰਾਮਪੁਰਾ ਦੇ ਸਕੂਲ 'ਚ ਤਾਇਨਾਤ ਈ. ਟੀ. ਟੀ. ਅਧਿਆਪਕਾ ਨੇ ਸਰਕਾਰੀ ਡਿਊਟੀ 'ਚ ਰੁਕਾਵਟ ਪੈਦਾ ਕੀਤੀ, ਜਿਸ ਕਾਰਣ ਉਸਨੂੰ ਤੁਰੰਤ ਸਸਪੈਂਡ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੂੰ ਗੁਜ਼ਾਰਾ ਭੱਤਾ ਮਿਲਦਾ ਰਹੇਗਾ ਅਤੇ ਉਨ੍ਹਾਂ ਦਾ ਹੈੱਡਕੁਆਰਟਰ ਬਲਾਕ ਸਿੱਖਿਆ ਅਧਿਕਾਰੀ ਦਫਤਰ ਰਾਮਪੁਰਾ ਫੂਲ ਹੋਵੇਗਾ। ਅਧਿਆਪਕਾ 'ਤੇ ਕਾਰਵਾਈ ਨੂੰ ਲੈ ਕੇ ਡੀ. ਟੀ. ਐੱਫ. ਨੇ ਦੇਰ ਸ਼ਾਮ ਇਕ ਹੰਗਾਮੀ ਮੀਟਿੰਗ ਬੁਲਾ ਲਈ ਹੈ। ਜ਼ਿਲਾ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਮੀਟਿੰਗ 'ਚ ਉਕਤ ਨਾਦਰਸ਼ਾਹੀ ਫਰਮਾਨ ਖਿਲਾਫ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਿੱਖਿਆ ਸਕੱਤਰ ਦੀ ਆਮਦ ਦੌਰਾਨ ਅਧਿਆਪਕ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਇਸ ਨੂੰ ਲੈ ਕੇ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕੀਤਾ।