ਗੁਰਦਾਸਪੁਰ ਵਿਚ ਸੁਨਿਆਰੇ ਦੇ ਘਰ ਹੋਈ ਕਰੋੜਾਂ ਦੀ ਲੁੱਟ ਮਾਮਲੇ ''ਚ SSP ਨੂੰ ਕਰੋ ਸਸਪੈਂਡ : ਰੰਧਾਵਾ
Friday, Mar 06, 2026 - 01:23 PM (IST)
ਚੰਡੀਗੜ੍ਹ/ਗੁਰਦਾਸਪੁਰ (ਵੈੱਬ ਡੈਸਕ): ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਵਿਚ ਬੀਤੇ ਕੱਲ੍ਹ ਦਿਨ-ਦਿਹਾੜੇ ਹੋਈ ਕਰੋੜਾਂ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਐੱਸ. ਐੱਸ. ਪੀ. ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਅੱਜ ਪੰਜਾਬ ਕਾਂਗਰਸ ਵੱਲੋਂ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਪਹਿਲਾਂ ਜੇਲ੍ਹ ਵਿਚ ਕੈਦੀਆਂ ਨੂੰ ਪੈਰੋਲ ਮਿਲਦੀ ਸੁਣੀ ਸੀ, ਪਰ ਪਹਿਲੀ ਵਾਰ ਇਕ ਮੁੱਖ ਮੰਤਰੀ ਹਸਪਤਾਲ 'ਚੋਂ ਪੈਰੋਲ 'ਤੇ ਗਿਆ ਤੇ ਮੋਗਾ ਵਿਚ ਰੈਲੀ ਕਰ ਕੇ ਵਾਪਸ ਹਸਪਤਾਲ ਚਲਾ ਗਿਆ।
ਰੰਧਾਵਾ ਨੇ ਆਖਿਆ ਕਿ ਪੰਜਾਬ ਨੂੰ ਅਜਿਹਾ ਮੁੱਖ ਮੰਤਰੀ ਨਹੀਂ ਚਾਹੀਦਾ। ਇਸ ਦੌਰਾਨ ਰੰਧਾਵਾ ਨੇ ਤਿੱਖੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੀਸ਼ਾਹੀਣ ਮੁੱਖ ਮੰਤਰੀ ਤੱਕ ਆਖ ਦਿੱਤਾ ਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਆਖਿਆ ਕਿ ਇਸ ਮੁੱਖ ਮੰਤਰੀ ਨੂੰ ਕੁਰਸੀ ਤੋਂ ਲਾਹ ਕੇ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡਾ ਦੋਸ਼ ਲਗਾਉਂਦਿਆਂ ਇੱਥੋਂ ਤਕ ਆਖ਼ ਦਿੱਤਾ ਕਿ ਮੁੱਖ ਮੰਤਰੀ ਨੇ ਰਜਾਈਆਂ ਵਿਚ ਵੀ ਪੈਸੇ ਰੱਖੇ ਹੋਏ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਇਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ।
ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਸਾਪੁਰ ਵਿਚ ਹੋਈ ਲੁੱਟ ਦਾ ਜ਼ਿਕਰ ਕਰਦਿਆਂ ਆਖਿਆ ਕਿ ਅੱਤਵਾਦ ਵੇਲੇ 1985-87 ਵਿਚ 7 ਕਰੋੜ ਦੀ ਡਕੈਤੀ ਹੋਈ ਸੀ ਤੇ ਦੂਜੀ ਡਕੈਤੀ ਕੱਲ੍ਹ ਗੁਰਦਾਸਪੁਰ ਵਿਚ ਹੋਈ ਹੈ। ਉਨ੍ਹਾਂ ਆਖਿਆ ਕਿ ਵਾਰਦਾਤ ਵਾਲੀ ਜਗ੍ਹਾ ਤੋਂ ਮਹਿਜ਼ 200 ਗਜ਼ ਦੀ ਦੂਰੀ 'ਤੇ ਐੱਸ. ਐੱਸ. ਪੀ. ਦੀ ਕੋਠੀ ਹੈ। ਰੰਧਾਵਾ ਨੇ ਦਾਅਵਾ ਕੀਤਾ ਕਿ ਡੇਢ ਘੰਟੇ ਤਕ ਗੁੰਡੇ ਉੱਥੇ ਲੁੱਟ ਕਰਦੇ ਰਹੇ, ਪਰ ਕੋਈ ਉੱਥੇ ਨਹੀਂ ਪਹੁੰਚਿਆ। ਅਜਿਹੇ ਐੱਸ. ਐੱਸ. ਪੀ. ਨੂੰ ਸਸਪੈਂਡ ਕਰ ਦੇਣਾ ਚਾਹੀਦਾ ਹੈ। ਇੱਥੇ ਦੱਸ ਦਈਏ ਕਿ ਬੀਤੇ ਕੱਲ੍ਹ ਦਿਨ-ਦਿਹਾੜੇ ਗੁਰਦਾਸਪੁਰ ਦੇ ਇਕ ਸੁਨਿਆਰੇ ਦੇ ਘਰੋਂ ਲਗਪਗ 7 ਕਰੋੜ ਰੁਪਏ ਦੀ ਡਕੈਤੀ ਹੋਈ ਸੀ। ਇਸ ਦੌਰਾਨ 5-6 ਮੁਲਜ਼ਮਾਂ ਨੇ ਪਿਸਤੌਲਾਂ ਦੀ ਨੋਕ 'ਤੇ ਪਰਿਵਾਰ ਨੂੰ ਬੰਧਕ ਬਣਾਇਆ ਤੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਸਨ।
