ਤਾਮਿਲਨਾਡੂ ਚੋਣਾਂ ''ਚ ਲੱਗੀ ਸੰਦੀਪ ਕੁਮਾਰ ਦੀ ਡਿਊਟੀ, ਫਿਲਹਾਲ ਬਿਨਾਂ ਚੀਫ਼ ਦੇ ਹੀ ਚੱਲੇਗਾ ਗਲਾਡਾ ਦਾ ਕੰਮ

Thursday, Mar 19, 2026 - 10:39 PM (IST)

ਤਾਮਿਲਨਾਡੂ ਚੋਣਾਂ ''ਚ ਲੱਗੀ ਸੰਦੀਪ ਕੁਮਾਰ ਦੀ ਡਿਊਟੀ, ਫਿਲਹਾਲ ਬਿਨਾਂ ਚੀਫ਼ ਦੇ ਹੀ ਚੱਲੇਗਾ ਗਲਾਡਾ ਦਾ ਕੰਮ

ਲੁਧਿਆਣਾ (ਹਿਤੇਸ਼) : ਚੋਣ ਕਮਿਸ਼ਨ ਵੱਲੋਂ 5 ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ 34 ਆਈ.ਏ.ਐੱਸ ਅਤੇ ਆਈ.ਪੀ.ਐੱਸ ਅਫ਼ਸਰਾਂ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਵਿੱਚ ਗਲਾਡਾ ਦੇ ਚੀਫ਼ ਸੰਦੀਪ ਕੁਮਾਰ ਦਾ ਨਾਮ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਤਾਮਿਲਨਾਡੂ ਚੋਣਾਂ ਲਈ ਪੰਜਾਬ ਤੋਂ ਜਾਣ ਵਾਲੀ ਆਈ.ਏ.ਐੱਸ. ਅਫ਼ਸਰਾਂ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਹਾਲਾਂਕਿ ਪੰਜਾਬ ਸਰਕਾਰ ਵੱਲੋਂ 5 ਰਾਜਾਂ ਵਿਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਲਈ ਡਿਊਟੀ ’ਤੇ ਜਾਣ ਵਾਲੇ ਆਈ.ਏ.ਐੱਸ. ਅਫਸਰਾਂ ਦੀ ਜਗ੍ਹਾ ਦੂਜੇ ਅਧਿਕਾਰੀਆਂ ਨੂੰ ਵਾਧੂ ਚਾਰਜ ਦੇਣ ਦੇ ਹੁਕਮ ਵੀਰਵਾਰ ਸ਼ਾਮ ਨੂੰ ਜਾਰੀ ਕਰ ਦਿੱਤਾ ਗਿਆ ਹੈ ਪਰ ਇਸ ਸੂਚੀ ਵਿੱਚ ਸੰਦੀਪ ਕੁਮਾਰ ਦੀ ਜਗਾ ਕਿਸੇ ਹੋਰ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ। ਇਸ ਸਬੰਧ ਵਿਚ ਚੀਫ ਸੈਕਟਰੀ ਵੱਲੋਂ ਸ਼ਹਿਰੀ ਵਿਕਾਸ ਵਿਭਾਗ ਨੂੰ ਬਦਲਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

ਜਿਸ ਦੇ ਚਲਦਿਆਂ ਗਲਾਡਾ ਦਾ ਕੰਮ ਫਿਲਹਾਲ ਬਿਨਾਂ ਚੀਫ਼ ਦੇ ਹੀ ਚੱਲੇਗਾ, ਕਿਉਂਕਿ ਸੰਦੀਪ ਕੁਮਾਰ ਦੀ ਡਿਊਟੀ 23 ਅਪ੍ਰੈਲ ਨੂੰ ਹੋਣ ਵਾਲੀ ਵੋਟਿੰਗ ਤੱਕ ਤਾਮਿਲਨਾਡੂ ਚੋਣਾਂ ਵਿੱਚ ਲੱਗ ਗਈ ਹੈ ਅਤੇ ਉਨ੍ਹਾਂ ਨੂੰ 4 ਮਈ ਨੂੰ ਹੋਣ ਵਾਲੀ ਗਿਣਤੀ ਲਈ ਫਿਰ ਤੋਂ ਜਾਣਾ ਹੋਵੇਗਾ।

ਡੀ.ਸੀ., ਨਿਗਮ ਕਮਿਸ਼ਨਰ ਜਾਂ ਏ.ਸੀ.ਏ. ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ
ਸ਼ਹਿਰੀ ਵਿਕਾਸ ਵਿਭਾਗ ਵੱਲੋਂ ਸਰਕਾਰ ਦੇ ਨਿਰਦੇਸ਼ਾਂ ਦੇ ਆਧਾਰ ’ਤੇ ਸੰਦੀਪ ਕੁਮਾਰ ਦੀ ਜਗਾ ਕਿਸੇ ਅਧਿਕਾਰੀ ਨੂੰ ਗਲਾਡਾ ਦੇ ਚੀਫ਼ ਦਾ ਚਾਰਜ ਦੇਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਤਾਇਨਾਤ ਆਈ.ਏ.ਐੱਸ. ਅਫ਼ਸਰਾਂ ਵਿੱਚੋਂ ਡੀ.ਸੀ. ਹਿਮਾਂਸ਼ੂ ਜੈਨ, ਨਗਰ ਨਿਗਮ ਕਮਿਸ਼ਨਰ ਨੀਰੂ ਕਤਿਆਲ ਜਾਂ ਏ.ਸੀ.ਏ. ਓਜਸਵੀ ਵਿੱਚੋਂ ਕਿਸੇ ਇੱਕ ਨੂੰ ਆਰਜ਼ੀ ਤੌਰ ’ਤੇ ਗਲਾਡਾ ਦੇ ਚੀਫ਼ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ।
 


author

Inder Prajapati

Content Editor

Related News