ਚੋਰੀਆਂ ਕਾਰਨ ਦੁਕਾਨਦਾਰਾਂ ’ਚ ਦਹਿਸ਼ਤ

Sunday, Oct 07, 2018 - 06:37 AM (IST)

 ਮਾਨਸਾ, (ਮਨਜੀਤ ਕੌਰ)- ਮਾਨਸਾ ਸ਼ਹਿਰ ਦੇ ਖੋਖਰ ਰੋਡ ਦੀ ਮਾਰਕੀਟ ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਚੋਰ ਰੋਜ਼ਾਨਾ ਇਨ੍ਹਾਂ ਦੀਆਂ ਦੁਕਾਨਾਂ ’ਚ ਚੋਰੀਆਂ ਕਰ ਰਹੇ ਹਨ। 
ਖੋਖਰ ਰੋਡ ਦੇ ਦੁਕਾਨਦਾਰ ਸ਼ਵੀ ਕੁਮਾਰ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਸਦੀ ਦੁਕਾਨ ਦੀ ਕੰਧ ’ਚ ਪਾਡ਼ ਲਾ ਕੇ ਚੋਰਾਂ ਨੇ 50 ਹਜ਼ਾਰ ਤੋਂ ਵੱਧ  ਦੀ ਨਕਦੀ ਅਤੇ ਮੋਬਾਇਲ ਚੋਰੀ ਕਰ ਲਏ ਸਨ, ਜਿਸ ਸਬੰਧੀ ਉਸਨੇ ਥਾਣਾ ਸਿਟੀ-1 ਵਿਚ ਐੱਫ. ਆਈ. ਆਰ. ਵੀ ਦਰਜ ਕਰਵਾਈ ਸੀ। ਇਸ ਚੋਰੀ ਤੋਂ ਕੁੱਝ ਦਿਨ ਬਾਅਦ  ਦੁਬਾਰਾ ਫਿਰ ਚੋਰਾਂ ਨੇ ਉਸ ਦੀ ਦੁਕਾਨ ਦੀ ਕੰਧ ’ਚ ਉਸੇ ਤਰ੍ਹਾਂ ਪਾਡ਼ ਲਾ ਕੇ ਵੀਹ ਹਜ਼ਾਰ ਦੇ  ਨਵੇਂ ਮੋਬਾਇਲ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਅਤੇ ਦੂਜੀ ਵਾਰ ਹੋਈ ਚੋਰੀ ਬਾਰੇ ਵੀ ਉਸ ਨੇ ਪੁਲਸ ਨੂੰ ਲਿਖਤੀ ਇਤਲਾਹ ਦਿੱਤੀ ਹੈ।
ਇਕ ਹੋਰ ਕਰਿਆਨੇ ਦੀ ਦੁਕਾਨ ਕਰਨ ਵਾਲੇ ਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਉਸੇ ਤਰ੍ਹਾਂ ਉਸ ਦੀ ਦੁਕਾਨ ਦੀ ਕੰਧ ਵਿਚ ਪਾਡ਼ ਲਾ ਕੇ ਚੋਰੀ ਕਰ ਲਈ। ਉਸਦੀ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਚੋਰੀ ਦੀ ਵਾਰਦਾਤ  ਕੈਦ  ਹੋਈ ਹੈ ਪਰ ਚੋਰਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ। ਸ਼ਵੀ ਕੁਮਾਰ ਨੇ ਦੱਸਿਆ ਕਿ ਉਸਦੀ ਦੁਕਾਨ ’ਚ ਲਗਾਤਾਰ ਦੋ ਵਾਰ ਚੋਰੀ ਹੋਣ ਤੋਂ ਬਾਅਦ ਉਸਨੇ ਵੀ ਸੀ. ਸੀ. ਟੀ. ਵੀ. ਕੈਮਰੇ ਲੁਆ ਲਏ ਹਨ। ਖੋਖਰ ਰੋਡ ਦੇ ਦੁਕਾਨਦਾਰ ਸ਼ਵੀ ਕੁਮਾਰ, ਰਵੀ ਕੁਮਾਰ, ਰਮੇਸ਼ ਕੁਮਾਰ, ਪ੍ਰਿਤਪਾਲ ਸ਼ਰਮਾ, ਮੀਆਂ ਰਾਮ, ਗਾਮਾ ਖਾਨ ਆਦਿ ਨੇ ਕਿਹਾ ਕਿ ਚੋਰਾਂ ਦੇ ਹੌਸਲੇ ਬੁਲੰਦ ਹੋਣ ਕਾਰਨ ਉਹ ਬਿਨਾਂ ਕਿਸੇ ਡਰ  ਦੇ ਰੋਜ਼ਾਨਾ ਚੋਰੀਆਂ ਕਰ ਰਹੇ ਹਨ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਤੋਂ ਇਨਸਾਫ ਦੀ ਮੰਗ ਕਰਦਿਆਂ ਤੁਰੰਤ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।  ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸਿਟੀ-1 ਦੇ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਪੁਲਸ ਜਾਂਚ ਵਿਚ ਲੱਗੀ ਹੋਈ ਹੈ, ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।


Related News