ਬਾਈਕਾਟ ਦੀ ਬਜਾਏ ਭਾਰੀ ਪੋਲਿੰਗ ਕਾਰਨ ਗੁਪਕਾਰ ਗੈਂਗ ਤੇ ਪਾਕਿਸਤਾਨੀਆਂ ’ਚ ਘਬਰਾਹਟ : ਚੁੱਘ
Saturday, Sep 28, 2024 - 10:55 PM (IST)
ਜਲੰਧਰ/ਚੰਡੀਗੜ੍ਹ– ਬਾਂਦੀਪੋਰਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਅੱਤਵਾਦ ਤੇ ਨਫਰਤ ਫੈਲਾਉਣ ਲਈ ਪਾਕਿਸਤਾਨ ਤੇ ਅਬਦੁੱਲਾ ਪਰਿਵਾਰ ਨੇ ਗੁਪਤ ਸਮਝੌਤਾ ਕੀਤਾ ਹੈ, ਜਿਸ ਉੱਪਰ ਪਾਕਿਸਤਾਨੀ ਰੱਖਿਆ ਮੰਤਰੀ ਦੇ ਹੁਣੇ ਜਿਹੇ ਦੇ ਬਿਆਨ ਨੇ ਮੋਹਰ ਲਾ ਦਿੱਤੀ ਹੈ।
ਚੁੱਘ ਨੇ ਕਿਹਾ ਕਿ 5 ਅਗਸਤ 2019 ਤੋਂ ਬਾਅਦ ਜੋ ਹਾਲਾਤ ਬਦਲੇ ਹਨ, ਉਨ੍ਹਾਂ ਨਾਲ ਜੰਮੂ-ਕਸ਼ਮੀਰ ਵਿਚ ਖੁਸ਼ਹਾਲੀ ਆਈ ਹੈ। ਅੱਜ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2 ਪੜਾਵਾਂ ’ਚ ਹੋਈ ਭਾਰੀ ਪੋਲਿੰਗ ਕਾਰਨ ਗੁਪਕਾਰ ਗੈਂਗ ਤੇ ਪਾਕਿਸਤਾਨੀਆਂ ’ਚ ਘਬਰਾਹਟ ਹੈ। ਤੀਜੇ ਪੜਾਅ ’ਚ ਵੀ ਜੰਮੂ-ਕਸ਼ਮੀਰ ਦੀ ਜਨਤਾ ਬਾਈਕਾਟ ਦੀ ਸਿਆਸਤ ਕਰਨ ਵਾਲਿਆਂ ਦਾ ਸਫਾਇਆ ਕਰ ਦੇਵੇਗੀ।
ਉਨ੍ਹਾਂ ਕਿਹਾ ਕਿ ਉਹ ਵੀ ਇਕ ਦੌਰ ਸੀ ਜਦੋਂ ਸਿਰਫ ਕਸ਼ਮੀਰ ਆਧਾਰਤ ਪਾਰਟੀਆਂ ਵਿਤਕਰਾ ਕਰ ਕੇ ਜੰਮੂ ਦੇ ਲੋਕਾਂ ਨਾਲ ਦੂਜੇ ਦਰਜੇ ਦਾ ਵਤੀਰਾ ਕਰਦੀਆਂ ਸਨ। ਅੱਜ ਪੀ. ਐੱਮ. ਮੋਦੀ ਦੀ ਦੇਣ ਹੈ ਕਿ ਧਾਰਾ 370 ਹਟਣ ਤੋਂ ਬਾਅਦ ਹੁਣ ਜੰਮੂ ਨੂੰ ਕੋਈ ਵੀ ਕੰਮ ਕਰਵਾਉਣ ਲਈ ਅੰਦੋਲਨ ਨਹੀਂ ਕਰਨਾ ਪੈਂਦਾ।
ਚੁੱਘ ਨੇ ਕਿਹਾ ਕਿ ਉਮਰ ਅਬਦੁੱਲਾ ਵੀ ਜਾਣਦੇ ਹਨ ਕਿ ਉਹ ਚੋਣ ਹਾਰ ਰਹੇ ਹਨ। ਇਸ ਲਈ ਨਿਰਾਸ਼ਾ ’ਚ ਪੁੱਠਾ-ਸਿੱਧਾ ਬੋਲ ਰਹੇ ਹਨ। ਉਹ ਕਦੇ ਕਾਂਗਰਸ ’ਤੇ ਦੋਸ਼ ਲਾਉਂਦੇ ਹਨ, ਕਦੇ ਕਹਿੰਦੇ ਹਨ ਕਿ ਚੋਣਾਂ ਵਿਚ ਤ੍ਰਿਸ਼ੰਕੂ (ਹੰਗ) ਅਸੈਂਬਲੀ ਹੋਵੇਗੀ ਤਾਂ ਕਦੇ ਜੰਮੂ ਨੂੰ ਅਸ਼ਾਂਤ ਕਰਨ ਲਈ ਬਿਆਨਬਾਜ਼ੀ ਕਰਦੇ ਹਨ। ਅਬਦੁੱਲਾ ਸਾਹਿਬ ਨੈਤਿਕ ਤੌਰ ’ਤੇ ਚੋਣ ਹਾਰ ਚੁੱਕੇ ਹਨ। 8 ਅਕਤੂਬਰ ਨੂੰ ਜਦੋਂ ਬੈਲਟ ਬਾਕਸ ਖੁੱਲ੍ਹਣਗੇ ਤਾਂ ਭਾਰਤ ਵਿਚ ਪਟਾਕੇ ਚੱਲਣਗੇ ਅਤੇ ਪਾਕਿਸਤਾਨ ਵਿਚ ਮਾਤਮ ਹੋਵੇਗਾ।