ਸਕੂਲ ਦੀ ਅਣਗਹਿਲੀ ਕਾਰਨ ਪ੍ਰੀਖਿਆ ਨਹੀਂ ਦੇ ਸਕੇ ਵਿਦਿਆਰਥੀ, ਹੈਰਾਨ ਕਰੇਗੀ ਵਜ੍ਹਾ

Thursday, Sep 26, 2024 - 03:09 PM (IST)

ਸਕੂਲ ਦੀ ਅਣਗਹਿਲੀ ਕਾਰਨ ਪ੍ਰੀਖਿਆ ਨਹੀਂ ਦੇ ਸਕੇ ਵਿਦਿਆਰਥੀ, ਹੈਰਾਨ ਕਰੇਗੀ ਵਜ੍ਹਾ

ਲੁਧਿਆਣਾ (ਵਿੱਕੀ)- ਪਿਛਲੇ ਕਈ ਦਿਨਾਂ ਤੋਂ ਸਿੱਖਿਆ ਵਿਭਾਗ ਦੀਆਂ ਟਰਮ-1 ਪ੍ਰੀਖਿਆਵਾਂ ’ਚ ਅਪੀਅਰ ਹੋਣ ਲਈ ਤਿਆਰੀ ਕਰ ਰਹੇ ਸਰਕਾਰੀ ਹਾਈ ਸਕੂਲ ਮੁੱਲਾਂਪੁਰ ਮੰਡੀ ਦੇ 6ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ ਕੀ ਪਤਾ ਸੀ ਕਿ ਜਿਸ ਪ੍ਰੀਖਿਆ ਲਈ ਉਹ ਦਿਨ-ਰਾਤ ਤਿਆਰੀ ਕਰ ਰਹੇ ਹਨ, ਉਸ ਦਾ ਪਹਿਲਾ ਪੇਪਰ ਹੀ ਨਹੀਂ ਦੇ ਸਕਣਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਕਦਮ

ਜਾਣਕਾਰੀ ਮੁਤਾਬਕ ਉਕਤ ਸਕੂਲ ’ਚ 6ਵੀਂ ਤੋਂ 10ਵੀਂ ਕਲਾਸ ਤੱਕ ਦੇ ਕਰੀਬ 400 ਵਿਦਿਆਰਥੀ ਪੜ੍ਹਾਈ ਕਰਦੇ ਹਨ, ਜਿਨ੍ਹਾਂ ਦਾ ਅੱਜ ਟਰਮ ਪ੍ਰੀਖਿਆਵਾਂ ਦੀ ਡੇਟਸ਼ੀਟ ਮੁਤਾਬਕ ਪਹਿਲਾ ਪੇਪਰ ਸੀ ਪਰ ਸਾਰੇ ਵਿਦਿਆਰਥੀ ਬਿਨਾਂ ਪੇਪਰ ਦਿੱਤੇ ਹੀ ਘਰਾਂ ਨੂੰ ਮੁੜ ਗਏ। ਉਕਤ ਗੱਲ ਦਾ ਜਦੋਂ ਪੇਰੈਂਟਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਿਚ ਵੀ ਨਿਰਾਸ਼ਾ ਛਾ ਗਈ ਕਿ ਬੱਚੇ ਬਗੈਰ ਪੇਪਰ ਦਿੱਤੇ ਹੀ ਵਾਪਸ ਪਰਤ ਆਏ। ਮਿਲੀ ਸੂਚਨਾ ਮੁਤਾਬਕ ਪ੍ਰੀਖਿਆਵਾਂ ਲਈ ਪ੍ਰਸ਼ਨ-ਪੱਤਰ ਤਾਂ ਸਕੂਲ ਦੀ ਈ-ਮੇਲ ਆਈ. ਡੀ. ’ਤੇ ਵਿਭਾਗ ਵੱਲੋਂ ਭੇਜ ਦਿੱਤੇ ਗਏ ਪਰ ਸਕੂਲ ਵੱਲੋਂ ਪ੍ਰਸ਼ਨ ਪੱਤਰਾਂ ਦੀ ਫੋਟੋ ਕਾਪੀ ਕਰਵਾਉਣ ਲਈ ਫੰਡ ਨਾ ਹੋਣ ਦਾ ਹਵਾਲਾ ਦੇ ਕੇ ਅੱਜ ਦਾ ਪੇਪਰ ਹੀ ਨਹੀਂ ਕਰਵਾਇਆ ਗਿਆ।

ਗੱਲ ਕਰਨ ’ਤੇ ਸਕੂਲ ਦੀ ਹੈੱਡ ਮਿਸਟ੍ਰੈੱਸ ਖੁਸ਼ਮਿੰਦਰ ਕੌਰ ਨੇ ਦੱਸਿਆ ਕਿ ਵਿਭਾਗ ਨੇ ਬੇਸ਼ੱਕ ਪ੍ਰਸ਼ਨ-ਪੱਤਰ ਤਾਂ ਭੇਜ ਦਿੱਤੇ ਪਰ ਇਨ੍ਹਾਂ ਦੀਆਂ ਫੋਟੋ ਕਾਪੀਆਂ ਕਰਵਾਉਣ ਲਈ ਫੰਡ ਨਹੀਂ ਜਾਰੀ ਕੀਤੇ ਗਏ। ਸਕੂਲ ਕੋਲ ਪਹਿਲਾਂ ਹੀ ਫੰਡ ਨਹੀਂ ਹਨ, ਜਿਸ ਕਾਰਨ ਫੋਟੋ ਕਾਪੀਆਂ ਨਹੀਂ ਕਰਵਾਈਆਂ ਜਾ ਸਕੀਆਂ।

ਉਨ੍ਹਾਂ ਕਿਹਾ ਕਿ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਅਜਿਹੇ ’ਚ ਜੇਕਰ ਸਾਰੇ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦੀਆਂ ਫੋਟੋ ਕਾਪੀਆਂ ਕਰਵਾਈਆਂ ਜਾਣ ਤਾਂ ਕਰੀਬ 12,000 ਖਰਚ ਆਉਂਦਾ ਹੈ, ਜਿਸ ਨੂੰ ਖਰਚ ਕਰਨ ਲਈ ਸਕੂਲ ਅਸਮਰੱਥ ਹੈ, ਕਿਉਂਕਿ ਪਹਿਲਾਂ ਹੀ ਚੋਣ ਜ਼ਾਬਤਾ ਲੱਗਣ ਕਾਰਨ ਉਨ੍ਹਾਂ ਦੇ ਫੰਡ ਵਾਪਸ ਲੈ ਲਏ ਗਏ, ਜੋ ਅਜੇ ਤੱਕ ਨਹੀਂ ਮਿਲੇ ਹਨ।

ਇਹ ਖ਼ਬਰ ਵੀ ਪੜ੍ਹੋ - ਕੱਲ੍ਹ ਤੋਂ ਫ਼ਰੀ ਹੋ ਜਾਵੇਗਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ!

ਅਜਿਹੇ ’ਚ ਵਿਭਾਗ ਨੂੰ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰਨ ਦੇ ਨਾਲ ਹੀ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਦੇ ਆਧਾਰ ’ਤੇ ਉਸੇ ਸਮੇਂ ਐਗਜ਼ਾਮੀਨੇਸ਼ਨ ਲਈ ਫੰਡ ਵੀ ਜਾਰੀ ਕਰਨੇ ਚਾਹੀਦੇ ਸਨ। ਹੈੱਡ ਮਿਸਟ੍ਰੈੱਸ ਮੁਤਾਬਕ ਅੱਜ ਪੇਪਰ ਨਾ ਹੋਣ ਦਾ ਮਾਮਲਾ ਐੱਸ. ਐੱਮ. ਸੀ. ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਵਿਦਿਆਰਥੀਆਂ ਦੇ ਹਿੱਤ ’ਚ ਫੈਸਲਾ ਲੈ ਕੇ ਫੰਡਾਂ ਦੀ ਸਮੱਸਿਆ ਦਾ ਹੱਲ ਕਰਵਾਇਆ, ਜਿਸ ਦੌਰਾਨ ਵੀਰਵਾਰ ਤੋਂ ਸਾਰੇ ਪੇਪਰ ਰੁਟੀਨ ’ਚ ਲਏ ਜਾਣਗੇ। ਦੱਸ ਦੇਈਏ ਕਿ 6ਵੀਂ ਤੋਂ 10ਵੀਂ ਤੱਕ ਦੇ ਪੇਪਰ 7 ਅਕਤੂਬਰ ਤੱਕ ਚੱਲਣਗੇ।

ਸਕੂਲ ਮੁਖੀ ਨੂੰ ਜਾਰੀ ਹੋਵੇਗਾ ਨੋਟਿਸ

ਇਸ ਸਬੰਧੀ ਗੱਲ ਕਰਨ ’ਤੇ ਡੀ. ਈ. ਓ. ਸੈਕੰਡਰੀ ਡਿੰਪਲ ਮਦਾਨ ਨੇ ਕਿਹਾ ਕਿ ਵਿਭਾਗ ਵੱਲੋਂ ਸਾਰੇ ਸਕੂਲਾਂ ਨੂੰ ਫੰਡ ਜਾਰੀ ਕੀਤੇ ਗਏ ਹਨ। ਜੇਕਰ ਇਸ ਸਕੂਲ ਕੋਲ ਫੰਡ ਨਹੀਂ ਸਨ ਤਾਂ ਸਕੂਲ ’ਚ ਜਮ੍ਹਾ ਅਮਲਗਾਮੇਟਿਡ ਫੰਡ ਨੂੰ ਯੂਜ਼ ਕਰ ਕੇ ਪ੍ਰਸ਼ਨ-ਪੱਤਰਾਂ ਦੀਆਂ ਫੋਟੋ ਕਾਪੀਆਂ ਕਰਵਾ ਕੇ ਪੇਪਰ ਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਮੇਰੇ ਧਿਆਨ ’ਚ ਮਾਮਲਾ ਸ਼ਾਮ ਨੂੰ ਹੀ ਆਇਆ ਹੈ, ਜਦੋਂਕਿ ਕੱਲ ਤੱਕ ਵੀ ਸਕੂਲ ਵੱਲੋਂ ਫੰਡਾਂ ਬਾਰੇ ਕੋਈ ਸੂਚਨਾ ਵਿਭਾਗ ਨੂੰ ਨਹੀਂ ਦਿੱਤੀ ਗਈ ਸੀ। ਡੀ. ਈ. ਓ. ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਡੇਟਸ਼ੀਟ ਦੇ ਆਧਾਰ ’ਤੇ ਵਿਦਿਆਰਥੀਆਂ ਦਾ ਪੇਪਰ ਨਾ ਲਏ ਜਾਣ ਦਾ ਮਾਮਲਾ ਗੰਭੀਰ ਹੈ। ਇਸ ਲਈ ਸਕੂਲ ਮੁਖੀ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News