ਸਾਥੀ ਦੀ ਗ਼ਲਤੀ ਕਾਰਨ ਜਾਣਾ ਪਿਆ Jail, ਸੰਤ ਸੀਚੇਵਾਲ ਨੇ ਇੰਝ ਕਰਵਾਈ ਵਿਦੇਸ਼ ''ਚ ਫਸੇ ਨੌਜਵਾਨ ਦੀ ''ਘਰ ਵਾਪਸੀ''
Wednesday, Sep 25, 2024 - 05:59 AM (IST)
ਲੋਹੀਆਂ (ਸੁਖਪਾਲ ਰਾਜਪੂਤ)- ਦੁਬਈ 'ਚ ਪਿਛਲੇ 2 ਸਾਲਾਂ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਅਮਰਜੀਤ ਗਿੱਲ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਘਰ ਵਾਪਸੀ ਹੋ ਗਈ ਹੈ। ਜ਼ਿਲ੍ਹਾ ਜਲੰਧਰ ਦੇ ਖੀਵਾ ਪਿੰਡ ਦੇ ਰਹਿਣ ਵਾਲਾ ਅਮਰਜੀਤ ਗਿੱਲ ਸਾਲ 2019 ਦੌਰਾਨ ਰੁਜ਼ਗਾਰ ਲਈ ਦੁਬਈ ਗਿਆ ਸੀ, ਜਿੱਥੇ 3 ਸਾਲ ਕੰਮ ਕਰਕੇ ਜਦੋਂ ਵੀਜ਼ਾ ਖਤਮ ਹੋਣ ਤੋਂ ਬਾਅਦ ਉਹ ਫਰਵਰੀ 2022 ਦੌਰਾਨ ਵਾਪਸ ਆਉਣ ਲੱਗਾ ਤਾਂ ਉਸ ਨੂੰ ਇਮੀਗ੍ਰੇਸ਼ਨ ਵੱਲੋਂ ਏਅਰਪੋਰਟ ਤੋਂ ਵਾਪਿਸ ਨਹੀ ਆਉਣ ਦਿੱਤਾ ਗਿਆ।
ਅਮਰਜੀਤ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਬਾਰੇ ਪਤਾ ਲਗਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਫੋਨ ਦੀ ਵਰਤੋਂ ਕਰਕੇ ਉਸ ਦੇ ਨਾਲ ਰਹਿਣ ਵਾਲੇ ਸਾਥੀ ਨੇ ਕਿਸੇ ਪੁਲਸ ਅਧਿਕਾਰੀ ਨੂੰ ਕੁੱਝ ਗਲਤ ਬੋਲ ਦਿੱਤਾ ਸੀ, ਜਿਸ ਕਾਰਨ ਉਸ ਨੂੰ ਵਾਪਸ ਨਹੀਂ ਸੀ ਆਉਣ ਦਿੱਤਾ ਜਾ ਰਿਹਾ। ਉਸ ਨੇ ਦੱਸਿਆ ਕਿ ਉਸ ਨੇ ਇਸ ਸੰਬੰਧੀ ਕਈ ਵਾਰ ਉੱਚ ਅਧਿਕਾਰੀਆਂ ਕੋਲ ਮਾਮਲਾ ਚੁੱਕਿਆ ਪਰ ਉਸ ਦੀ ਕਿਧਰੇ ਕੋਈ ਵੀ ਸੁਣਵਾਈ ਨਹੀ ਹੋਈ। ਜੇਲ੍ਹ ਕੱਟਣ ਬਾਵਜੂਦ ਵੀ ਉਸ ਨੂੰ 3 ਵਾਰ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ ਸੀ, ਜਦਕਿ ਪੁਲਸ ਅਧਿਕਾਰੀਆਂ ਵੱਲੋਂ ਹੀ ਉਸ ਨੂੰ ਟਿਕਟ ਕਰਵਾਉਣ ਲਈ ਕਿਹਾ ਜਾਂਦਾ ਸੀ ਕਿ ‘ਤੇਰਾ ਕੇਸ ਹੋਣ ਨਿਬੜ ਗਿਆ ਹੈ, ਤੂੰ ਟਿਕਟ ਕਰਾ ਤੇ ਜਾ’।
ਨਿਰਮਲ ਕੁਟੀਆ ਵਿਖੇ ਪਰਿਵਾਰ ਸਮੇਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲਣ ਪਹੁੰਚੇ ਅਮਰਜੀਤ ਨੇ ਭਾਵੁਕ ਹੁੰਦਿਆ ਦੱਸਿਆ ਕਿ 2 ਸਾਲ ਉਸ ਨੇ ਉੱਥੇ ਜੋ ਪੀੜਾ ਝੱਲੀ ਹੈ, ਉਸ ਨੇ ਉਸ ਨੂੰ ਮਾਨਸਿਕ ਤੌਰ 'ਤੇ ਤੋੜ ਕੇ ਰੱਖ ਦਿੱਤਾ ਸੀ। ਉਸ ਨੇ ਦੱਸਿਆ ਕਿ ਉੱਥੇ ਇੱਕ ਤਾਂ ਗੈਰ ਕਾਨੂੰਨੀ ਤੌਰ 'ਤੇ ਰਹਿਣ ਅਤੇ ਦੂਜਾ ਇਸ ਕੇਸ ਕਾਰਨ ਉੱਥੇ ਉਸ ਦੇ ਲੋਕਾਂ ਵੱਲੋਂ ਬਹੁਤ ਸ਼ੋਸ਼ਣ ਕੀਤਾ ਗਿਆ। ਜ਼ਿਆਦਾ ਸਮਝ ਨਾ ਹੋਣ ਕਾਰਣ ਉੱਥੋਂ ਦੇ ਲੋਕ ਉਸ ਦੀ ਮਜਬੂਰੀ ਦਾ ਫਾਇਦਾ ਉਠਾ ਰਹੇ ਸੀ। ਉਸ ਕੋਲ ਪਾਸਪੋਰਟ ਹੋਣ ਦੇ ਬਾਵਜੂਦ ਆਊਟ ਪਾਸ ਬਣਾਉਣ ਦਾ ਕਹਿ ਕੇ ਵਕੀਲਾਂ ਵੱਲੋਂ ਉਸ ਕੋਲੋਂ ਵੱਡੀ ਰਕਮ ਲੁੱਟ ਲਈ ਗਈ।
ਇਹ ਵੀ ਪੜ੍ਹੋ- ਦੇਖ ਲਓ ਅਨਾੜੀ ਚੋਰ ਦਾ ਹਾਲ ; ਚੋਰੀ ਕਰਨ ਮਗਰੋਂ ਪਤੰਦਰ ਉੱਥੇ ਹੀ ਭੁੱਲ ਆਇਆ ਆਪਣਾ ਆਧਾਰ ਕਾਰਡ
ਗੈਰ ਕਾਨੂੰਨੀ ਹੋਣ ਤੋਂ ਬਾਅਦ ਉੱਥੇ ਉਸ ਦੀ ਜ਼ਿੰਦਗੀ ਨਰਕ ਭਰੀ ਹੋ ਗਈ, ਜਿੱਥੇ ਉਸ ਨੂੰ ਰਹਿਣ ਤੇ ਖਾਣ-ਪੀਣ ਲਈ ਵੀ ਤਰਸਣਾ ਪੈ ਰਿਹਾ ਸੀ। ਕਈ-ਕਈ ਘੰਟੇ ਕੰਮ ਕਰਵਾਉਣ ਤੋਂ ਬਾਅਦ ਉਸ ਨੂੰ ਪੈਸੇ ਤੱਕ ਨਹੀ ਸੀ ਦਿੱਤੇ ਜਾਂਦੇ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਉਸ ਨੇ ਕਿਹਾ ਕਿ ਉਹ ਉਸ ਲਈ ਇੱਕ ਮਸੀਹਾ ਹਨ, ਜਿਨ੍ਹਾਂ ਸਦਕਾ ਉਹ 6 ਸਾਲਾਂ ਬਾਅਦ ਸਹੀ ਸਲਾਮਤ ਆਪਣੇ ਪਰਿਵਾਰ ਚ ਵਾਪਸ ਪਹੁੰਚ ਸਕਿਆ ਹੈ।
ਅਮਰਜੀਤ ਦੇ ਨਾਲ ਆਏ ਉਸ ਦੇ ਪਿਤਾ ਬੀਰਬਲ ਨੇ ਦੱਸਿਆ ਕਿ ਇਹ ਨੇ ਪੈਸੇ ਅਮਰਜੀਤ ਨੇ ਉੱਥੇ ਰਹਿੰਦਿਆ ਕਮਾਏ ਨਹੀ ਜਿੰਨੇ ਉਨ੍ਹਾਂ ਦੇ ਅਮਰਜੀਤ ਨੂੰ ਵਾਪਸ ਲਿਆਉਣ ਲਈ ਖਰਚ ਕਰ ਦਿੱਤੇ ਸੀ। 4 ਤੋਂ 5 ਲੱਖ ਰੁਪਏ ਵਕੀਲਾਂ ਨੂੰ ਦਿੱਤੇ ਪਰ ਉਹ ਪੈਸੇ ਤਾਂ ਲੈ ਲੈਂਦੇ ਸੀ ਪਰ ਮਗਰੋਂ ਉਸ ਬਾਰੇ ਕੁੱਝ ਵੀ ਨਹੀ ਸੀ ਦੱਸਦੇ। ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਕਿਧਰੇ ਕੋਈ ਸੁਣਵਾਈ ਨਹੀ ਹੋਈ ਤਾਂ ਉਨ੍ਹਾਂ 31 ਅਗਸਤ 2024 ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਤੇ ਅਮਰਜੀਤ ਬਾਰੇ ਦੱਸਿਆ, ਜਿਨ੍ਹਾਂ ਵੱਲੋਂ ਕੀਤੀ ਯੋਗ ਕਾਰਵਾਈ ਸਦਕਾ ਉਨ੍ਹਾਂ ਦਾ ਪੁੱਤ 3 ਸਤੰਬਰ ਨੂੰ ਸਹੀ ਸਲਾਮਤ ਘਰ ਵਾਪਸ ਆ ਗਿਆ।
ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਮਰਜੀਤ ਦੀ ਪਰਿਵਾਰ 'ਚ ਹੋਈ ਵਾਪਸੀ ਲਈ ਖੁਸ਼ੀ ਜ਼ਾਹਰ ਕਰਦਿਆ ਕਿਹਾ ਕਿ ਵਿਦੇਸ਼ਾਂ ਚ ਆਪਣਿਆਂ ਵੱਲੋਂ ਦਿੱਤੇ ਜਾਂਦੇ ਧੋਖੇ ਦੇ ਕਈ ਮਾਮਲੇ ਉਨ੍ਹਾਂ ਦੇ ਧਿਆਨ 'ਚ ਆਏ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਚ ਸਹਾਇਤਾ ਦੇ ਨਾਂ 'ਤੇ ਹੋ ਰਹੀ ਲੁੱਟ ਅਤੇ ਦਿੱਤੇ ਜਾ ਰਹੇ ਧੋਖੇ ਬਹੁਤ ਦੁਖੀ ਕਰਨ ਵਾਲੇ ਹਨ। ਉਨ੍ਹਾਂ ਭਾਰਤੀ ਦੂਤਾਵਾਸ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੇ ਸਖ਼ਤ ਨਿਰਦੇਸ਼, ਅਣਦੇਖਾ ਕਰਨ 'ਤੇ ਪਵੇਗਾ ਪਛਤਾਉਣਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e