ਮੋਬਾਈਲ ਬਣਿਆ ਕਾਲ: ਫੋਨ ’ਤੇ ਗੱਲ ਕਰ ਰਹੀ ਵਿਦਿਆਰਥਣ ਦੀ ਟ੍ਰੇਨ ਹੇਠਾਂ ਆਉਣ ਕਾਰਨ ਮੌਤ

Thursday, Sep 19, 2024 - 01:05 AM (IST)

ਜਲੰਧਰ (ਪੁਨੀਤ) – ਮੋਬਾਈਲ ਫੋਨ ਦੇ ਜੇਕਰ ਫਾਇਦੇ ਹਨ ਤਾਂ ਇਸਦੇ ਨੁਕਸਾਨ ਵੀ ਬਹੁਤ ਹਨ। ਖਾਸ ਤੌਰ ’ਤੇ ਰਸਤੇ ਵਿਚ ਜਾਂਦੇ ਸਮੇਂ ਫੋਨ ਦੀ ਵਰਤੋਂ ਬੇਹੱਦ ਧਿਆਨ ਨਾਲ ਕਰਨੀ ਚਾਹੀਦੀ ਹੈ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਹੈ ਅਤੇ ਜਾਨ ਵੀ ਜਾ ਸਕਦੀ ਹੈ। ਇਸੇ ਤਰ੍ਹਾਂ ਦਾ ਇਕ ਹਾਦਸਾ ਅੱਜ ਦੇਖਣ ਨੂੰ ਮਿਲਿਆ, ਜਿਸ ਵਿਚ ਫੋਨ ’ਤੇ ਗੱਲ ਕਰ ਰਹੀ 17 ਸਾਲਾ ਵਿਦਿਆਰਥਣ ਦੀ ਟ੍ਰੇਨ ਹੇਠਾਂ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ।

ਲੜਕੀ ਦੀ ਪਛਾਣ ਜੈਸਮੀਨ ਪੁੱਤਰੀ ਬਲਜਿੰਦਰ ਕੁਮਾਰ ਵਾਸੀ ਛੋਕਰਾਂ ਜ਼ਿਲਾ ਨਵਾਂਸ਼ਹਿਰ ਵਜੋਂ ਹੋਈ। ਮ੍ਰਿਤਕ ਲੜਕੀ ਖਾਲਸਾ ਕਾਲਜ ਦੀ ਵਿਦਿਆਰਥਣ ਸੀ, ਜੋ ਬੱਸ ਅੱਡਾ ਫਲਾਈਓਵਰ ਦੇ ਹੇਠਾਂ ਵਾਲੇ ਖਾਲਸਾ ਕਾਲਜ ਹਾਲਟ ਵਾਲੇ ਰੇਲ ਟ੍ਰੈਕ ਨੂੰ ਪਾਰ ਕਰ ਰਹੀ ਸੀ ਅਤੇ ਇਸੇ ਦੌਰਾਨ ਆ ਰਹੀ ਟ੍ਰੇਨ ਨੰਬਰ 16912 ਨਾਲ ਹੋਏ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ।

ਹਾਦਸਾ ਸਵੇਰੇ 9 ਵਜੇ ਦੇ ਕਰੀਬ ਹੋਇਆ, ਜਦੋਂ ਲੜਕੀ ਖਾਲਸਾ ਕਾਲਜ ਵੱਲ ਆ ਰਹੀ ਸੀ। ਹਾਦਸੇ ਤੋਂ ਬਾਅਦ ਖਾਲਸਾ ਕਾਲਜ ਨੇ ਜੀ. ਆਰ. ਪੀ. ਥਾਣੇ ਨੂੰ ਸੂਚਿਤ ਕੀਤਾ। ਘਟਨਾ ਸਥਾਨ ’ਤੇ ਪਹੁੰਚੇ ਏ. ਐੱਸ. ਆਈ. ਹੀਰਾ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਰਿਪੋਰਟ ਤਿਆਰ ਕੀਤੀ।

ਲੜਕੀ ਸਬੰਧੀ ਹਾਦਸਾ ਹੋਣ ਕਾਰਨ ਜੀ. ਆਰ. ਪੀ. ਥਾਣੇ ਦੀਆਂ ਮਹਿਲਾ ਪੁਲਸ ਮੁਲਾਜ਼ਮਾਂ ਰੇਖਾ ਰਾਣੀ, ਬਲਵਿੰਦਰ ਕੌਰ ਸਮੇਤ ਪ੍ਰਦੀਪ ਸਿੰਘ ਨੂੰ ਮੌਕੇ ’ਤੇ ਭੇਜਿਆ ਗਿਆ। ਮਹਿਲਾ ਸਟਾਫ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲਿਆ ਗਿਆ। ਖਾਲਸਾ ਕਾਲਜ ਦੀਆਂ ਪ੍ਰੋਫੈਸਰਾਂ ਵੱਲੋਂ ਲੜਕੀ ਦੀ ਸ਼ਨਾਖਤ ਕੀਤੀ ਗਈ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ।

ਘਟਨਾ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਲੜਕੀ ਫੋਨ ’ਤੇ ਗੱਲ ਕਰਦਿਆਂ ਰੇਲ ਟ੍ਰੈਕ ਨੂੰ ਪਾਰ ਕਰ ਰਹੀ ਸੀ ਅਤੇ ਇਸੇ ਦੌਰਾਨ ਦੂਜੇ ਪਾਸਿਓਂ ਟ੍ਰੇਨ ਆ ਰਹੀ ਸੀ। ਲੋਕਾਂ ਨੇ ਲੜਕੀ ਨੂੰ ਟ੍ਰੇਨ ਸਬੰਧੀ ਆਵਾਜ਼ਾਂ ਦਿੱਤੀਆਂ ਪਰ ਉਸਦਾ ਧਿਆਨ ਨਹੀਂ ਗਿਆ। ਉਥੇ ਹੀ ਟ੍ਰੇਨ ਦੇ ਡਰਾਈਵਰ ਵੱਲੋਂ ਲਗਾਤਾਰ ਹਾਰਨ ਵੀ ਵਜਾਇਆ ਗਿਆ ਪਰ ਫੋਨ ’ਤੇ ਗੱਲ ਕਰਦੇ ਹੋਏ ਲੜਕੀ ਦਾ ਹਾਰਨ ਵੱਲ ਵੀ ਧਿਆਨ ਨਹੀਂ ਗਿਆ।

ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਖਾਲਸਾ ਕਾਲਜ ਦੀਆਂ ਪ੍ਰੋਫੈਸਰਾਂ ਵੱਲੋਂ ਲੜਕੀ ਦੀ ਪਛਾਣ ਕੀਤੀ ਗਈ। ਲੜਕੀ ਦੇ ਪਿਤਾ ਬਲਜਿੰਦਰ ਕੁਮਾਰ, ਮਾਮਾ ਰਾਜ ਕੁਮਾਰ ਸਮੇਤ ਕਈ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ।

ਜੈਸਮੀਨ ਰੋਜ਼ਾਨਾ ਇਸੇ ਰਸਤੇ ਜਾਂਦੀ ਸੀ ਕਾਲਜ
ਮ੍ਰਿਤਕਾ ਦੇ ਕਾਲਜ ਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਜੈਸਮੀਨ ਰੋਜ਼ਾਨਾ ਬੱਸ ਰਾਹੀਂ ਨਵਾਂਸ਼ਹਿਰ ਤੋਂ ਜਲੰਧਰ ਆਉਂਦੀ ਸੀ ਅਤੇ ਇਸੇ ਟ੍ਰੈਕ ਤੋਂ ਕਾਲਜ ਵੱਲ ਜਾਂਦੀ ਸੀ। ਵਾਪਸੀ ’ਚ ਵੀ ਉਹ ਇਸੇ ਰਸਤੇ ਦੀ ਵਰਤੋਂ ਕਰਦੀ ਸੀ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਲੜਕੀ ਦਾ ਆਖਰੀ ਦਿਨ ਹੋਵੇਗਾ। ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਇਕੱਲੀ ਸੀ ਅਤੇ ਉਸਦੇ ਨਾਲ ਇਹ ਹਾਦਸਾ ਹੋ ਗਿਆ। ਜੇਕਰ 2-3 ਲੜਕੀਆਂ ਹੁੰਦੀਆਂ ਤਾਂ ਇਹ ਹਾਦਸਾ ਟਲ ਸਕਦਾ ਸੀ।

ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪੀ
ਪੁਲਸ ਵੱਲੋਂ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ। ਮੌਕੇ ’ਤੇ ਮੌਜੂਦ ਲੋਕਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਫੋਨ ’ਤੇ ਗੱਲ ਕਰਦੇ ਸਮੇਂ ਧਿਆਨ ਨਾ ਦਿੱਤੇ ਜਾਣ ’ਤੇ ਲੜਕੀ ਨਾਲ ਇਹ ਹਾਦਸਾ ਹੋਇਆ ਹੈ। ਇਸ ਹਾਦਸੇ ਤੋਂ ਸਾਰਿਆਂ ਨੂੰ ਸਬਕ ਲੈਣਾ ਚਾਹੀਦਾ ਹੈ ਅਤੇ ਫੋਨ ਦੀ ਵਰਤੋਂ ਸੁਚੇਤ ਹੋ ਕੇ ਕਰਨੀ ਚਾਹੀਦੀ ਹੈ।


Inder Prajapati

Content Editor

Related News