ਚੰਡੀਗੜ੍ਹ ਦੇ ਮਾਮਲਿਆਂ ਬਾਰੇ ਭਾਜਪਾ ਦਾ ਯੂ-ਟਰਨ 27 ਦੀ ਖੇਡ : ਕੰਗ
Tuesday, Dec 02, 2025 - 08:36 PM (IST)
ਲੁਧਿਆਣਾ (ਮੁੱਲਾਂਪੁਰੀ) : ਸੂਬੇ ਦੀ ਰਾਜਧਾਨੀ ਚੰਡੀਗੜ੍ਹ ’ਚ ਵਿਦਿਅਕ ਸੰਸਥਾ ਅਤੇ ਹੋਰ ਕਾਰਜਾਂ ’ਚ ਕਾਬਜ ਹੋਣ ਦੀਆਂ ਭਾਜਪਾ ਨੇ ਜੋ ਚਾਲਾਂ ਚਲੀਆਂ ਸਨ, ਭਾਵੇਂ ਉਹ ਪੰਜਾਬੀਆਂ ਦੇ ਵਿਰੋਧ ਤੇ ਗੁੱਸੇ ਕਾਰਨ ਭਾਜਪਾ ਨੇ ਉਨ੍ਹਾਂ ਬਾਰੇ ਯੂ-ਟਰਨ ਲੈ ਕੇ ਮਾਮਲਾ ਸ਼ਾਂਤ ਕਰਨ ਦੀ ਚਾਲ ਖੇਡੀ ਹੈ ਪਰ ਇਹ ਸਭ ਭਾਜਪਾ ਦਾ ਲੁਕਵਾਂ ਤੇ 27 ਦੀ ਖੇਡ ਵਾਲਾ ਏਜੰਡਾ ਹੈ। ਇਹ ਸ਼ੱਕ ਯੂਥ ਅਕਾਲੀ ਦਲ ਦੇ ਸਾਬਕਾ ਕੌਮੀ ਪ੍ਰਧਾਨ ਤੇ ਪੰਜਾਬ ਬਾਰੇ ਚਿੰਤਤ ਸ. ਕਿਰਨਵੀਰ ਸਿੰਘ ਕੰਗ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਜ਼ਾਹਰ ਕੀਤਾ।
ਸ.ਕੰਗ ਨੇ ਕਿਹਾ ਕਿ ਪੰਜਾਬ ਦੀਆਂ ਰਿਵਾਇਤੀ ਮੰਗਾਂ ਕਿਸਾਨਾਂ ਦਾ ਐੱਮ.ਐੱਸ.ਪੀ., ਬੰਦੀ ਸਿੰਘਾਂ ਦੀ ਰਿਹਾਈ, ਭਾਖੜਾ ਡੈਮ ਅਤੇ ਹੋਰ ਮਾਮਲੇ ਭਾਜਪਾ ਦੇ ਵਹਿੜੇ ’ਚ ਪੂਰੇ ਹੋਣ ਲਈ ਟੇਕ ਲਗਾਈ ਬੈਠੇ ਹਨ ਉਨ੍ਹਾਂ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਹੁਣ ਇਹ ਨਵੇਂ ਮਾਮਲੇ ਚੰਡੀਗੜ੍ਹ ਤੇ ਕਾਬਜ ਹੋਣ ਲਈ ਛੇੜ ਛਾੜ ਸਾਹਮਣੇ ਆ ਗਈ ਹੈ। ਇਸ ਤੋਂ ਪੰਜਾਬੀਆਂ ਨੂੰ ਸਬਕ ਲੈਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਰਾਜ ਕਰਦੀ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਜ਼ਮੀਨਾਂ ਹੜੱਪਣ ਲਈ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਸੀ। ਪੰਜਾਬੀਆਂ ਦੇ ਵਿਰੋਧ ਦੇ ਚਲਦੇ ਭਾਵੇਂ ਵਪਾਸ ਲੈ ਲਈ ਉਹ ਵੀ 27 ਦੀ ਖੇਡ ਜਾਪ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਪੰਜਾਬ ਦੇ ਭਵਿੱਖ ਬਾਰੇ ਕੋਈ ਏਜੰਡਾ ਨਹੀਂ। ਕੋਈ ਸੋਚ ਨਹੀਂ। ਕੇਵਲ ਤੇ ਕੇਵਲ ਕੁਰਸੀ ਦੀ ਭੁੱਖ ਹੈ। ਉਸ ਦੇ ਲਈ ਉਹ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੇ ਹਨ। ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਵੱਸੋਂ ਬਾਹਰ ਹੈ, ਗੈਂਗਸਟਰਾਂ ਨੂੰ ਸਿਆਸੀ ਪਾਰਟੀਆਂ ਸ਼ਹਿ ਦੇਣ ਵਾਲੀਆਂ ਕਾਰਵਾਈਆਂ ਕਰਨ ਵਿਚ ਲੱਗੀਆਂ ਹੋਈਆਂ ਹਨ।
ਹੁਣ ਪੰਜਾਬੀਆਂ ਨੂੰ ਇਹ ਸੋਚਣਾ ਪਵੇਗਾ ਕਿ ਉਨ੍ਹਾਂ ਨੇ ਪ੍ਰਵਾਸੀ ਵੀਰਾਂ ਦੀ ਮੰਨ ਕੇ ਬਦਲਾਓ ਲਿਆ ਕੇ ਵੇਖ ਲਿਆ। ਹੁਣ ਤੇ ਅੱਗੇ ਰਾਜ ਸੱਤਾ ਦੇ ਸੁਪਨੇ ਲੈਣ ਵਾਲੇ ਵੀ ਪਹਿਲਾਂ ਵੀ ਆਪਾਂ ਪਰਖ ਚੁੱਕੇ ਹਾਂ ਇਸ ਲਈ ਅਜੇ ਸਾਲ ਪਿਆ ਹੋਣ ’ਤੇ ਸੰਭਲ ਜਾਈਏ ਤੇ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਏਕਾ ਕਰੀਏ ਤਾਂ ਜੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਬਚ ਸਕੇ ਨਹੀਂ ਤਾਂ ਸਿਆਸੀ ਪਾਰਟੀਆਂ ਨੇ ਇਸ ਨੂੰ ਉਜਾੜਨ ਦਾ ਲੱਗਦਾ ਠੇਕਾ ਹੀ ਲੈ ਰੱਖਿਆ ਹੈ।
