ਬਿਜਲੀ ਸਪਲਾਈ ਠੀਕ ਕਰਦਿਆਂ ਕਰੰਟ ਲੱਗਣ ਕਾਰਨ ਸਹਾਇਕ ਲਾਈਨਮੈਨ ਦੀ ਮੌਤ

Friday, Jul 17, 2026 - 08:25 PM (IST)

ਬਿਜਲੀ ਸਪਲਾਈ ਠੀਕ ਕਰਦਿਆਂ ਕਰੰਟ ਲੱਗਣ ਕਾਰਨ ਸਹਾਇਕ ਲਾਈਨਮੈਨ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪਾਵਰਕਾਮ ਦਫ਼ਤਰ ਵਿਖੇ ਤਾਇਨਾਤ ਸਹਾਇਕ ਲਾਈਨਮੈਨ ਗੁਰਜੀਤ ਸਿੰਘ (40) ਵਾਸੀ ਮਾਂਗੇਵਾਲ (ਸ੍ਰੀ ਆਨੰਦਪੁਰ ਸਾਹਿਬ) ਦੀ ਬਿਜਲੀ ਸਪਲਾਈ ਠੀਕ ਕਰਦਿਆਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਲਾਈਨਮੈਨ ਗੁਰਜੀਤ ਸਿੰਘ ਇਕ ਸ਼ਿਕਾਇਤ ਦੇ ਅਧਾਰ ’ਤੇ ਪਿੰਡ ਧੁੱਲੇਵਾਲ ਵਿਖੇ ਬਿਜਲੀ ਸਪਲਾਈ ਠੀਕ ਕਰਨ ਗਿਆ। ਉੱਥੇ ਜਦੋਂ ਉਹ ਖੰਭੇ ’ਤੇ ਚੜ੍ਹ ਕੇ ਬਿਜਲੀ ਸਪਲਾਈ ਠੀਕ ਕਰ ਰਿਹਾ ਸੀ ਤਾਂ ਅਚਾਨਕ ਕਰੰਟ ਲੱਗ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਉਸਦੇ ਸਾਥੀਆਂ ਵੱਲੋਂ ਤੁਰੰਤ ਇਲਾਜ ਲਈ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਗੁਰਜੀਤ ਸਿੰਘ ਦੀ ਲਾਸ਼ ਪੋਸਟ ਮਾਰਟਮ ਲਈ ਸਮਰਾਲਾ ਵਿਖੇ ਭਿਜਵਾ ਦਿੱਤੀ ਗਈ ਹੈ। ਸਹਾਇਕ ਲਾਈਨਮੈਨ ਗੁਰਜੀਤ ਸਿੰਘ ਦੀ ਮੌਤ ਨਾਲ ਬਿਜਲੀ ਵਿਭਾਗ ਦੇ ਕਰਮਚਾਰੀਆਂ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਪਿੱਛੋਂ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਨਾਲ ਸਬੰਧਤ ਹੈ, ਜੋ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ ਹੈ।

ਮ੍ਰਿਤਕ ਦੇ ਪਰਿਵਾਰ ਨੇ ਲਗਾਏ ਲਾਪ੍ਰਵਾਹੀ ਦੇ ਦੋਸ਼
ਸਹਾਇਕ ਲਾਈਨਮੈਨ ਗੁਰਜੀਤ ਸਿੰਘ ਦੀ ਮੌਤ ਦੀ ਖ਼ਬਰ ਜਦੋਂ ਉਸਦੇ ਪਿੰਡ ਮਾਂਗੇਵਾਲ, ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜੀ ਤਾਂ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਹਸਪਤਾਲ ਵਿਖੇ ਪੁੱਜੇ ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਦੇ ਭਰਾ ਦੀ ਮੌਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਾਰ੍ਹਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਤਾਂ ਬਿਜਲੀ ਸਪਲਾਈ ਬੰਦ ਰੱਖੀ ਜਾਂਦੀ ਹੈ ਤਾਂ ਫਿਰ ਕਰੰਟ ਲੱਗਣ ਦੀ ਸੰਭਾਵਨਾ ਕੋਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਸਾਡੇ ਭਰਾ ਦੀ ਮੌਤ ਪਿੱਛੇ ਲਾਪ੍ਰਵਾਹ ਕੌਣ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੂਨੀਅਰ ਇੰਜਨੀਅਰ ਗੁਰਚਰਨ ਸਿੰਘ ਨੇ ਦੱਸਿਆ ਕਿ ਜਦੋਂ ਧੁੱਲੇਵਾਲ ਵਿਖੇ ਬਿਜਲੀ ਮੁਰੰਮਤ ਦੀ ਸ਼ਿਕਾਇਤ ਆਈ ਸੀ ਤਾਂ ਉਸ ਸਮੇਂ ਖੇਤਰ ਦੀ ਸਪਲਾਈ ਬੰਦ ਸੀ ਅਤੇ ਸ਼ਿਕਾਇਤ ਠੀਕ ਹੋਣ ਉਪਰੰਤ ਇਸ ਨੂੰ ਚਾਲੂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉੱਥੇ ਹੀ ਕਿਸੇ ਵਿਅਕਤੀ ਨੇ ਘਰ ਵਿਚ ਲੱਗੇ ਮੀਟਰ ਦੀ ਸਪਲਾਈ ਠੀਕ ਨਾ ਹੋਣ ਬਾਰੇ ਬਿਜਲੀ ਮੁਲਾਜਮਾਂ ਨੂੰ ਸ਼ਿਕਾਇਤ ਕੀਤੀ ਅਤੇ ਜਦੋਂ ਸਹਾਇਕ ਲਾਈਨਮੈਨ ਮੀਟਰ ਦੀ ਸਪਲਾਈ ਚੈੱਕ ਕਰ ਰਿਹਾ ਸੀ ਤਾਂ ਉਸਨੂੰ ਕਰੰਟ ਲੱਗ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਉਸਦੀ ਮੌਤ ’ਤੇ ਗਹਿਰਾ ਦੁੱਖ ਹੈ ਅਤੇ ਇਸ ਵਿਚ ਕਿਸੇ ਦੀ ਕੋਈ ਲਾਪ੍ਰਵਾਹੀ ਨਹੀਂ।
 


author

Inder Prajapati

Content Editor

Related News