ਟੋਇਆਂ ਨੇ ਲਈ ਇਕ ਜਾਨ, 50 ਫੁੱਟ ਹੇਠਾਂ ਰੇਲਵੇ ਲਾਈਨਾਂ ''ਤੇ ਡਿੱਗੇ ਮੋਟਰਸਾਈਕਲ ਸਵਾਰ, 1 ਦੀ ਮੌਤ
Thursday, Jul 16, 2026 - 05:41 PM (IST)
ਫਿਲੌਰ (ਭਾਖੜੀ)- ਨੈਸ਼ਨਲ ਹਾਈਵੇਅ ’ਤੇ ਪਏ ਡੂੰਘੇ ਟੋਇਆਂ ਅਤੇ ਸੜਕ ’ਤੇ ਖਿੱਲਰੀ ਬੱਜਰੀ ਕਾਰਨ ਬੀਤੀ ਰਾਤ ਇਕ ਭਿਆਨਕ ਹਾਦਸਾ ਵਾਪਰ ਗਿਆ। ਇਥੇ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਰੇਲਵੇ ਬ੍ਰਿਜ ਦੀ ਗ੍ਰਿਲ ਨਾਲ ਟਕਰਾ ਗਿਆ, ਜਿਸ ਕਾਰਨ ਉਸ ’ਤੇ ਸਵਾਰ 2 ਨੌਜਵਾਨ ਕਰੀਬ 50 ਫੁੱਟ ਹੇਠਾਂ ਰੇਲਵੇ ਲਾਈਨਾਂ ’ਤੇ ਜਾ ਡਿੱਗੇ। ਇਸ ਦਰਦਨਾਕ ਹਾਦਸੇ ’ਚ ਅਵਤਾਰ ਸਿੰਘ (37) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੁਰਪ੍ਰੀਤ ਸਿੰਘ (32) ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹੱਡੀਆਂ ਟੁੱਟਣ ਕਾਰਨ ਜ਼ਖ਼ਮੀ ਨੌਜਵਾਨ ਸਥਾਨਕ ਸਿਵਲ ਹਸਪਤਾਲ 'ਚ ਤੜਫ਼ ਰਿਹਾ ਹੈ ਪਰ ਹਸਪਤਾਲ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਕਾਰਨ 20 ਘੰਟੇ ਬੀਤਣ ਦੇ ਬਾਵਜੂਦ ਉਸ ਦਾ ਇਲਾਜ ਸ਼ੁਰੂ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ ਵੀਡੀਓ ਵਾਇਰਲ
ਬਿਨਾਂ ਐਕਸ-ਰੇ ਇਲਾਜ ਕਰਨ ਤੋਂ ਟਾਲਾ, ਤੜਫਦੇ ਜ਼ਖਮੀ ਨੇ ਕਿਹਾ- ‘ਇਸ ਤੋਂ ਚੰਗਾ ਮੈਂ ਵੀ ਮਰ ਜਾਂਦਾ’
ਜ਼ਖ਼ਮੀ ਗੁਰਪ੍ਰੀਤ ਸਿੰਘ (ਵਾਸੀ ਕਾਦੀਆਂ, ਗੁਰਦਾਸਪੁਰ) ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਅਵਤਾਰ ਸਿੰਘ ਕ੍ਰੇਨ ਚਲਾਉਣ ਦਾ ਕੰਮ ਕਰਦੇ ਹਨ। ਉਹ ਦੋਵੇਂ ਮੋਟਰਸਾਈਕਲ ’ਤੇ ਲੁਧਿਆਣਾ ਫੋਕਲ ਪੁਆਇੰਟ ਜਾ ਰਹੇ ਸਨ। ਰਾਤ ਕਰੀਬ ਸਵਾ 10 ਵਜੇ ਜਿਉਂ ਹੀ ਉਹ ਫਿਲੌਰ ਕੋਲ ਪਹੁੰਚੇ ਤਾਂ ਸੜਕ ’ਤੇ ਖਿੱਲਰੀ ਬੱਜਰੀ ਕਾਰਨ ਮੋਟਰਸਾਈਕਲ ਫਿਸਲ ਗਿਆ ਅਤੇ ਉਹ ਗ੍ਰਿਲ ਨਾਲ ਟਕਰਾ ਕੇ ਸਿੱਧੇ ਹੇਠਾਂ ਰੇਲਵੇ ਲਾਈਨਾਂ ’ਤੇ ਜਾ ਡਿੱਗੇ।

ਗੁਰਪ੍ਰੀਤ ਨੇ ਰੋਂਦਿਆਂ ਦੱਸਿਆ ਕਿ ਉਸ ਦੇ ਸਰੀਰ ਅਤੇ ਲੱਤਾਂ ਵਿਚ ਕਈ ਫੈਕਚਰ ਹਨ। ਰਾਹਗੀਰਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਪਰ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਡਾਕਟਰ ਉਸ ਦੀ ਸਾਰ ਲੈਣ ਨਹੀਂ ਆਇਆ। ਹਸਪਤਾਲ ਦੇ ਸਟਾਫ਼ ਨੇ ਇਹ ਕਹਿ ਕੇ ਇਲਾਜ ਕਰਨ ਤੋਂ ਟਾਲਾ ਵੱਟ ਲਿਆ ਕਿ ਅਜੇ ਐਕਸ-ਰੇ ਕਰਨ ਵਾਲਾ ਮੁਲਾਜ਼ਮ ਡਿਊਟੀ ’ਤੇ ਨਹੀਂ ਆਇਆ। ਗੁਰਪ੍ਰੀਤ ਨੇ ਦਰਦ ਨਾਲ ਕਰਾਹਦਿਆਂ ਕਿਹਾ, ‘‘ਹਸਪਤਾਲ ਦੇ ਇਸ ਬੇਰੁਖ਼ੀ ਵਾਲੇ ਵਤੀਰੇ ਨਾਲੋਂ ਚੰਗਾ ਹੁੰਦਾ ਕਿ ਮੈਂ ਵੀ ਆਪਣੇ ਦੋਸਤ ਵਾਂਗ ਦਮ ਤੋੜ ਦਿੰਦਾ।’’
ਇਹ ਵੀ ਪੜ੍ਹੋ: ਕਪੂਰਥਲਾ ਵਿਖੇ ਮਾਮੂਲੀ ਗੱਲ ਪਿੱਛੇ ਮਾਰ 'ਤਾ ਬੰਦਾ, ਵਜ੍ਹਾ ਕਰੇਗੀ ਹੈਰਾਨ
ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ, ਰੋਜ਼ਾਨਾ ਹੋ ਰਹੇ ਹਾਦਸੇ
ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਅਸ਼ਵਨੀ ਮਲਹੋਤਰਾ, ਜਨਰਲ ਸੈਕਟਰੀ ਰਾਜੂ ਥਾਪਰ ਅਤੇ ਬਿੱਟੂ ਮਨੀ ਨੇ ਸੜਕ ਦੀ ਖਸਤਾ ਹਾਲਤ ’ਤੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਹਾਈਵੇ ’ਤੇ ਪਿਛਲੇ ਲੰਬੇ ਸਮੇਂ ਤੋਂ ਡੂੰਘੇ ਟੋਏ ਪਏ ਹਨ, ਜੋ ਜਾਨਲੇਵਾ ਸਾਬਤ ਹੋ ਰਹੇ ਹਨ। ਕੁਝ ਦਿਨ ਪਹਿਲਾਂ ਵੀ ਇਥੇ ਪੈਪਸੀ ਫੈਕਟਰੀ ਨੇੜੇ ਇਕ ਸਕੂਟਰ ਚਾਲਕ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਇਨੋਵਾ ਗੱਡੀ ਹਾਦਸਾਗ੍ਰਸਤ ਹੋਈ ਸੀ।
ਉਨ੍ਹਾਂ ਦੋਸ਼ ਲਾਇਆ ਕਿ ਹਾਈਵੇ ਅਥਾਰਟੀ ਨੇ ਸੜਕ ਦੀ ਮੁਰੰਮਤ ਦੇ ਨਾਂ ’ਤੇ ਬਿਨਾਂ ਕਿਸੇ ਸੁਰੱਖਿਆ ਬੋਰਡ ਦੇ ਬੱਜਰੀ ਖਿਲਾਰ ਦਿੱਤੀ ਹੈ। ਰਾਤ ਦੇ ਹਨੇਰੇ ਕਾਰਨ ਵਾਹਨ ਚਾਲਕਾਂ ਨੂੰ ਇਹ ਬੱਜਰੀ ਦਿਖਾਈ ਨਹੀਂ ਦਿੰਦੀ, ਜਿਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਅਤੇ ਗੱਡੀਆਂ ਦੇ ਸ਼ੀਸ਼ੇ ਟੁੱਟ ਰਹੇ ਹਨ। ਇੰਨੇ ਹਾਦਸਿਆਂ ਦੇ ਬਾਵਜੂਦ ਨੈਸ਼ਨਲ ਹਾਈਵੇ ਪ੍ਰਸ਼ਾਸਨ ਅਤੇ ਸਥਾਨਕ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।
ਇਹ ਵੀ ਪੜ੍ਹੋ: PM ਮੋਦੀ ਦਾ ਜਲੰਧਰ ਦੌਰਾ ਭਲਕੇ! DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ, ਰਸਤੇ ਡਾਇਵਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
