ਤੇਜ਼ ਰਫ਼ਤਾਰ ਆਲਟੋ ਕਾਰ ਨੇ ਢਾਹਿਆ ਕਹਿਰ! ਜ਼ੋਰਦਾਰ ਟੱਕਰ ਮਗਰੋਂ ਬਜ਼ੁਰਗ ਦੀ ਮੌਤ

Friday, Jul 03, 2026 - 06:38 PM (IST)

ਤੇਜ਼ ਰਫ਼ਤਾਰ ਆਲਟੋ ਕਾਰ ਨੇ ਢਾਹਿਆ ਕਹਿਰ! ਜ਼ੋਰਦਾਰ ਟੱਕਰ ਮਗਰੋਂ ਬਜ਼ੁਰਗ ਦੀ ਮੌਤ

ਲੁਧਿਆਣਾ (ਰਾਜ): ਮਹਾਨਗਰ ਦੇ ਅਧੀਨ ਆਉਂਦੇ ਕਸਬਾ ਡੇਹਲੋਂ ਦੇ ਮੁੱਖ ਚੌਕ 'ਤੇ ਰਫ਼ਤਾਰ ਦੇ ਕਹਿਰ ਕਾਰਨ ਇਕ ਬਜ਼ੁਰਗ ਦੀ ਜਾਨ ਚਲੀ ਗਈ। ਇੱਥੇ ਬਰਫ਼ ਅਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲੇ ਇਕ ਦੁਕਾਨਦਾਰ ਦੇ ਬਜ਼ੁਰਗ ਪਿਤਾ ਨੂੰ ਇਕ ਤੇਜ਼ ਰਫ਼ਤਾਰ ਆਲਟੋ ਕਾਰ ਦੇ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਜ਼ੁਰਗ ਸੜਕ 'ਤੇ ਡਿੱਗ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਲਹੂ-ਲੁਹਾਨ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਲਾਕੇ ਵਿਚ ਹੀ ਬਰਫ਼ ਅਤੇ ਇਲੈਕਟ੍ਰੀਸ਼ੀਅਨ ਦੀ ਦੁਕਾਨ ਚਲਾਉਂਦਾ ਹੈ। ਬੀਤੀ 2 ਜੁਲਾਈ ਨੂੰ ਉਸ ਦੇ ਪਿਤਾ ਨਿਰਮਲ ਸਿੰਘ ਦੁਕਾਨ ਲਈ ਬਰਫ਼ ਲੈਣ ਗਏ ਹੋਏ ਸਨ। ਜਦੋਂ ਉਹ ਬਰਫ਼ ਲੈ ਕੇ ਡੇਹਲੋਂ ਦੇ ਮੇਨ ਚੌਕ ਨੇੜੇ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਆਲਟੋ ਕਾਰ ਦੇ ਚਾਲਕ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਉਨ੍ਹਾਂ ਦੇ ਪਿਤਾ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਕਾਰ ਨੇ ਨਿਰਮਲ ਸਿੰਘ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਹਵਾ ਵਿਚ ਉਛਲ ਕੇ ਸੜਕ 'ਤੇ ਜਾ ਡਿੱਗੇ, ਜਿਸ ਨਾਲ ਉਨ੍ਹਾਂ ਦੇ ਸਰੀਰ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਆਸ-ਪਾਸ ਦੇ ਦੁਕਾਨਦਾਰਾਂ ਨੇ ਗੰਭੀਰ ਰੂਪ ਵਿਚ ਜ਼ਖ਼ਮੀ ਬਜ਼ੁਰਗ ਨੂੰ ਤੁਰੰਤ ਇਲਾਜ ਲਈ ਡੇਹਲੋਂ ਦੇ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਕਾਰ ਚਾਲਕ ਜਸਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Anmol Tagra

Content Editor

Related News