ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵਿਛ ਗਈਆਂ ਲਾਸ਼ਾਂ, ਤਿੰਨ ਲੋਕਾਂ ਦੀ ਥਾਈਂ ਮੌਤ
Saturday, Jul 04, 2026 - 11:18 AM (IST)
ਖੰਨਾ/ਦੋਰਾਹਾ (ਵਿਨਾਇਕ) : ਰਾਸ਼ਟਰੀ ਰਾਜਮਾਰਗ 'ਤੇ ਖੰਨਾ ਨੇੜੇ ਸ਼ਨੀਵਾਰ ਤੜਕੇ ਕੁਝ ਹੀ ਦੂਰੀ ਦੇ ਫ਼ਾਸਲੇ 'ਤੇ ਵਾਪਰੇ ਦੋ ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਅੱਠ ਸਾਲਾ ਬੱਚੇ ਸਮੇਤ ਛੇ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਦੋਵਾਂ ਹਾਦਸਿਆਂ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਪਹੁੰਚਾਇਆ ਅਤੇ ਕ੍ਰੇਨ ਦੀ ਮਦਦ ਨਾਲ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਮੁੜ ਬਹਾਲ ਕਰਵਾਇਆ। ਪਹਿਲਾ ਹਾਦਸਾ ਤੜਕੇ ਕਰੀਬ 2:03 ਵਜੇ ਲੁਧਿਆਣਾ ਵੱਲ ਜਾਂਦੇ ਹੋਏ ਬੀਜਾ ਨੇੜੇ ਰਾਇਲ ਟੱਚ ਹੋਟਲ ਕੋਲ, ਥਾਣਾ ਸਦਰ ਖੰਨਾ ਦੇ ਇਲਾਕੇ ਵਿਚ ਵਾਪਰਿਆ। ਐੱਸ.ਐੱਸ.ਐੱਫ. ਦੀ ਡਿਊਟੀ ਟੀਮ, ਜਿਸ ਵਿਚ ਏ.ਐੱਸ.ਆਈ. ਸੁਖਵਿੰਦਰ ਸਿੰਘ, ਕਾਂਸਟੇਬਲ ਕਰਨਵੀਰ ਸਿੰਘ ਅਤੇ ਕਾਂਸਟੇਬਲ ਕਨਵਰਪਾਲ ਸਿੰਘ ਸ਼ਾਮਲ ਸਨ ਨੇ ਸੂਚਨਾ ਮਿਲਣ ਤੋਂ ਬਾਅਦ ਕਰੀਬ 2:12 ਵਜੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾ ਨੂੰ ਅਮਲ ਵਿਚ ਲਿਆਂਦਾ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਤਿੰਨ ਮਹੀਨੇ ਤਕ ਨਹੀਂ ਮਿਲੇਗੀ ਛੁੱਟੀ
ਮੁੱਢਲੀ ਜਾਣਕਾਰੀ ਅਨੁਸਾਰ ਇਕ ਬੋਲੇਰੋ ਪਿਕਅੱਪ (ਨੰਬਰ UK-17-CA-2889) ਦਾ ਟਾਇਰ ਫੱਟਣ ਕਾਰਨ ਉਹ ਸੜਕ ਦੇ ਵਿਚਕਾਰ ਖੜ੍ਹ ਗਈ। ਇਸ ਦੌਰਾਨ ਪਿੱਛੋਂ ਆ ਰਹੀ ਦੂਜੀ ਬੋਲੈਰੋ ਪਿਕਅੱਪ (ਨੰਬਰ UK-08-CB-5475) ਉਸ ਨਾਲ ਟਕਰਾ ਗਈ। ਇਸ ਹਾਦਸੇ ਵਿਚ ਇਸ਼ਰਾਰ ਪੁੱਤਰ ਗੋਪਾਰ, ਵਾਸੀ ਗੋਰਖਪੁਰ (ਉੱਤਰ ਪ੍ਰਦੇਸ਼) ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਮਨੀਸ਼ (ਸਹਾਰਨਪੁਰ), ਮੁਹੰਮਦ ਇਜ਼ਹਾਰ (ਹਰਿਦੁਆਰ), ਉਮਰ (ਗੋਰਖਪੁਰ), ਸੋਨੂ (ਗੋਰਖਪੁਰ) ਅਤੇ ਉਜਾਕਤ ਪੁੱਤਰ ਸ਼ਮਸੀਦ ਅਲੀ (ਸਹਾਰਨਪੁਰ) ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਦੌਰਾਨ ਦੂਜਾ ਹਾਦਸਾ ਖੰਨਾ ਨੇੜੇ ਖਾਲਸਾ ਪੰਪ, ਭੱਟੀਆਂ ਕੋਲ ਵਾਪਰਿਆ। ਜਾਣਕਾਰੀ ਅਨੁਸਾਰ ਇਕ ਸੈਂਟਰੋ ਕਾਰ (ਨੰਬਰ DL-8CAA-6215), ਜਿਸ ਨੂੰ ਜਤਿੰਦਰ ਕੁਮਾਰ ਪੁੱਤਰ ਰਮੇਸ਼ ਚੰਦ, ਵਾਸੀ ਗੜ੍ਹਮੁਕਤੇਸ਼ਵਰ, ਜ਼ਿਲ੍ਹਾ ਹਾਪੁੜ (ਉੱਤਰ ਪ੍ਰਦੇਸ਼) ਚਲਾ ਰਿਹਾ ਸੀ, ਦਾ ਟਾਇਰ ਪੈਂਚਰ ਹੋਣ ਕਾਰਨ ਕਾਰ ਸੜਕ 'ਤੇ ਖੜ੍ਹੀ ਸੀ। ਇਸ ਦੌਰਾਨ ਪਿੱਛੋਂ ਆ ਰਹੇ ਇਕ ਅਣਪਛਾਤੇ ਟਰੱਕ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਸੜਕ ਤੇ ਖੜ੍ਹੇ ਵਿਅਕਤੀਆਂ ਨੂੰ ਦਰੜ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਸੈਂਟਰੋ ਕਾਰ ਸਵਾਰ ਲੋਕ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਜਾ ਰਹੇ ਸਨ, ਪਰ ਰਸਤੇ ਵਿਚ ਹੀ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਚਰਨਜੀਤ ਚੰਨੀ ਦੀ ਮੀਟਿੰਗ ਨੂੰ ਲੈ ਕੇ ਕੀ ਬੋਲੇ ਸੁਖਜਿੰਦਰ ਸਿੰਘ ਰੰਧਾਵਾ
ਇਸ ਹਾਦਸੇ ਵਿਚ ਅਮਰਦੀਪ ਵਰਮਾ ਪੁੱਤਰ ਰਾਜਪਾਲ ਵਰਮਾ ਅਤੇ ਵਿੱਕੀ, ਦੋਵੇਂ ਵਾਸੀ ਮੁਰਾਦਨਗਰ, ਜ਼ਿਲ੍ਹਾ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦੀ ਮੌਤ ਹੋ ਗਈ, ਜਦਕਿ ਆਰਵ ਵਰਮਾ (8 ਸਾਲ) ਪੁੱਤਰ ਸੰਦੀਪ ਵਰਮਾ, ਵਾਸੀ ਮੁਰਾਦਨਗਰ, ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਐੱਸ.ਐੱਸ.ਐੱਫ. ਦੀ ਟੀਮ ਨੇ ਜ਼ਖ਼ਮੀ ਬੱਚੇ ਅਤੇ ਦੋਵੇਂ ਵਿਅਕਤੀਆਂ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਮਰਦੀਪ ਵਰਮਾ ਅਤੇ ਵਿੱਕੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਜ਼ਖ਼ਮੀ ਬੱਚੇ ਦਾ ਇਲਾਜ ਜਾਰੀ ਹੈ। ਦੋਵੇਂ ਹਾਦਸਿਆਂ ਤੋਂ ਬਾਅਦ ਐੱਸ.ਐੱਸ.ਐੱਫ. ਦੀ ਟੀਮ ਨੇ ਕ੍ਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਇਆ ਅਤੇ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਮੁੜ ਚਾਲੂ ਕਰਵਾਇਆ। ਪੁਲਸ ਵੱਲੋਂ ਦੋਵੇਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਹਾਦਸੇ ਵਿਚ ਫਰਾਰ ਅਣਪਛਾਤੇ ਟਰੱਕ ਦੀ ਭਾਲ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕਾਂਗਰਸ 'ਚ ਵਿਵਾਦ ਵਿਚਾਲੇ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸੁਖਜਿੰਦਰ ਰੰਧਾਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
