ਮਾਡਲ ਟਾਊਨ ''ਚ ਰੂਹ ਕੰਬਾਊ ਹਾਦਸਾ! ਪ੍ਰਾਪਰਟੀ ਡੀਲਰ ਦੀ ਪਤਨੀ ਨੂੰ ਕਾਰ ਨੇ 10 ਮੀਟਰ ਤੱਕ ਘੜੀਸਿਆ, ਹੋਈ ਮੌਤ

Saturday, Jul 04, 2026 - 12:11 PM (IST)

ਮਾਡਲ ਟਾਊਨ ''ਚ ਰੂਹ ਕੰਬਾਊ ਹਾਦਸਾ! ਪ੍ਰਾਪਰਟੀ ਡੀਲਰ ਦੀ ਪਤਨੀ ਨੂੰ ਕਾਰ ਨੇ 10 ਮੀਟਰ ਤੱਕ ਘੜੀਸਿਆ, ਹੋਈ ਮੌਤ

ਲੁਧਿਆਣਾ (ਰਾਜ): ਮਹਾਨਗਰ ਦੇ ਸਭ ਤੋਂ ਪੌਸ਼ ਇਲਾਕੇ ਮਾਡਲ ਟਾਊਨ ਵਿਚ ਸ਼ੁੱਕਰਵਾਰ ਦੀ ਸਵੇਰ ਰਫ਼ਤਾਰ ਦੇ ਕਹਿਰ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਨੂੰ ਕਦੇ ਨਾ ਭੁੱਲਣ ਵਾਲਾ ਜ਼ਿੰਦਗੀ ਭਰ ਦਾ ਜ਼ਖ਼ਮ ਦੇ ਦਿੱਤਾ। ਇੱਥੇ ਸਵੇਰੇ-ਸਵੇਰੇ ਸੈਰ 'ਤੇ ਨਿਕਲੀ ਇੱਕ ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਨੂੰ ਇੱਕ ਤੇਜ਼ ਰਫ਼ਤਾਰ ਅਤੇ ਬੇਕਾਬੂ ਸਵਿਫਟ ਡਿਜ਼ਾਇਰ ਕਾਰ ਦੇ ਚਾਲਕ ਨੇ ਬੇਰਹਿਮੀ ਨਾਲ ਕੁਚਲ ਦਿੱਤਾ। ਹਾਦਸਾ ਇੰਨਾ ਰੂਹ ਕੰਬਾਊ ਸੀ ਕਿ ਕਾਰ ਮਹਿਲਾ ਨੂੰ ਕਰੀਬ 5 ਤੋਂ 10 ਮੀਟਰ ਤੱਕ ਸੜਕ 'ਤੇ ਘਸੀਟਦੀ ਹੋਈ ਲੈ ਗਈ। ਜਿਸ ਕਾਰਨ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ''ਤੇ ਆਈਆਂ ਗੰਭੀਰ ਸੱਟਾਂ ਕਰਕੇ ਮਹਿਲਾ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ, ਜਦਕਿ ਉਸਦੀ ਸਹੇਲੀ ਗੰਭੀਰ ਰੂਪ ਵਿੱਚ ਜ਼ਖਮੀ ਹੈ। ਇਹ ਪੂਰੀ ਖੌਫਨਾਕ ਵਾਰਦਾਤ ਕੁਝ ਦੂਰੀ ''ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਲਾਈਵ ਰਿਕਾਰਡ ਹੋ ਗਈ ਹੈ। ਘਟਨਾ ਤੋਂ ਬਾਅਦ ਮੁਲਜ਼ਮ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ, ਮਾਡਲ ਟਾਊਨ ਦੇ ਚਾਰ ਖੰਭਾ ਚੌਕ ਇਲਾਕੇ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਸ਼ੁੱਕਰਵਾਰ ਸਵੇਰੇ ਕਰੀਬ 6 ਵਜੇ ਆਪਣੀ ਇੱਕ ਸਹੇਲੀ ਨਾਲ ਰੋਜ਼ਾਨਾ ਦੀ ਤਰ੍ਹਾਂ ਵਾਕ ਕਰਨ ਨਿਕਲੀ ਸੀ। ਦੋਵੇਂ ਔਰਤਾਂ ਸੜਕ ਦੇ ਕਿਨਾਰੇ ਸੁਰੱਖਿਅਤ ਚੱਲਦਿਆਂ ਆਪਸ ਵਿੱਚ ਗੱਲਬਾਤ ਕਰ ਰਹੀਆਂ ਸਨ। ਉਹ ਆਪਣੀ ਹੀ ਧੁਨ ਵਿੱਚ ਅੱਗੇ ਵਧ ਰਹੀਆਂ ਸਨ ਕਿ ਅਚਾਨਕ ਪਿੱਛੋਂ ਆ ਰਹੀ ਇੱਕ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਦੇ ਚਾਲਕ ਨੇ ਲਾਪਰਵਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਦੋਵਾਂ ਔਰਤਾਂ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਹਵਾ ਵਿੱਚ ਉਛਲ ਕੇ ਸੜਕ ''ਤੇ ਜਾ ਡਿੱਗੀਆਂ। ਵਾਰਦਾਤ ਤੋਂ ਬਾਅਦ ਸਾਹਮਣੇ ਆਈ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ।

ਕਾਰ ਚਾਲਕ ਨੇ ਔਰਤਾਂ ਨੂੰ ਟੱਕਰ ਮਾਰਨ ਤੋਂ ਬਾਅਦ ਇਨਸਾਨੀਅਤ ਨੂੰ ਸ਼ਰਮਸਾਰ ਕਰਦਿਆਂ ਬ੍ਰੇਕ ਨਹੀਂ ਲਗਾਈ, ਸਗੋਂ ਗੱਡੀ ਦੀ ਸਪੀਡ ਹੋਰ ਵਧਾ ਦਿੱਤੀ। ਇਸ ਦੇ ਚਲਦਿਆਂ ਗੰਭੀਰ ਰੂਪ ਵਿੱਚ ਜ਼ਖਮੀ ਹਰਪ੍ਰੀਤ ਕੌਰ ਕਾਰ ਦੇ ਹੇਠਾਂ ਫਸ ਗਈ ਅਤੇ ਮੁਲਜ਼ਮ ਉਸ ਨੂੰ ਕਰੀਬ 5 ਤੋਂ 10 ਮੀਟਰ ਤੱਕ ਸੜਕ ''ਤੇ ਬੇਰਹਿਮੀ ਨਾਲ ਘਸੀਟਦਾ ਹੋਇਆ ਲੈ ਗਿਆ। ਫਿਰ ਉਸ ਦੇ ਉੱਪਰੋਂ ਕਾਰ ਲੰਘਾ ਕੇ ਮੁਲਜ਼ਮ ਚਾਲਕ ਕਾਰ ਸਮੇਤ ਫਰਾਰ ਹੋ ਗਿਆ। ਘਸੀਟੇ ਜਾਣ ਕਾਰਨ ਮਹਿਲਾ ਦੇ ਸਿਰ, ਛਾਤੀ ਅਤੇ ਪੂਰੇ ਸਰੀਰ ''ਤੇ ਜਾਨਲੇਵਾ ਸੱਟਾਂ ਆਈਆਂ। ਚੀਕ-ਚਿਹਾੜਾ ਸੁਣ ਕੇ ਮੌਕੇ ''ਤੇ ਇਕੱਠੇ ਹੋਏ ਸਥਾਨਕ ਲੋਕਾਂ ਨੇ ਮੁਸਤੈਦੀ ਦਿਖਾਉਂਦਿਆਂ ਤੁਰੰਤ ਦੋਵਾਂ ਲਹੂ-ਲੁਹਾਨ ਔਰਤਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਮੁਢਲੀ ਜਾਂਚ ਤੋਂ ਬਾਅਦ ਹਰਪ੍ਰੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਉਨ੍ਹਾਂ ਦੀ ਸਹੇਲੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਜਾਣਕਾਰੀ ਮੁਤਾਬਕ, ਮ੍ਰਿਤਕਾ ਦੀ ਇੱਕ ਇਕਲੌਤੀ ਬੇਟੀ ਹੈ, ਜਿਸਦਾ ਕੁਝ ਸਮਾਂ ਪਹਿਲਾਂ ਹੀ ਬੜੇ ਚਾਅ ਨਾਲ ਵਿਆਹ ਕੀਤਾ ਗਿਆ ਸੀ। ਅਜੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਪੂਰੀ ਤਰ੍ਹਾਂ ਥੰਮਿਆ ਵੀ ਨਹੀਂ ਸੀ ਕਿ ਇਸ ਦਰਦਨਾਕ ਕਤਲੇਆਮ ਵਰਗੇ ਹਾਦਸੇ ਨੇ ਪੂਰੇ ਪਰਿਵਾਰ ਵਿੱਚ ਮਾਤਮ ਦਾ ਸੰਨਾਟਾ ਪਸਾਰ ਦਿੱਤਾ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੀ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ ''ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ਅਤੇ ਰੂਟ ''ਤੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਕਾਰ ਦੇ ਮਾਡਲ ਅਤੇ ਨੰਬਰ ਪਲੇਟ ਦੇ ਆਧਾਰ ''ਤੇ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ, ਤਾਂ ਜੋ ਮੁਲਜ਼ਮ ਨੂੰ ਜਲਦ ਫੜਿਆ ਜਾ ਸਕੇ।
 


author

Anmol Tagra

Content Editor

Related News