ਲੁਧਿਆਣਾ : ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਸਕੂਲੀ ਬੱਚਿਆਂ ਨੂੰ ਕੀਤੀ ਗਈ ਛੁੱਟੀ
Monday, Jul 13, 2026 - 11:35 AM (IST)
ਲੁਧਿਆਣਾ (ਰਾਜ): ਮਹਾਨਗਰ ਦੇ ਪੌਸ਼ ਇਲਾਕੇ ਰੇਖੀ ਸਿਨੇਮਾ ਰੋਡ ਸਥਿਤ ਕੇ. ਵੀ. ਐੱਮ. ਸਕੂਲ ਵਿਚ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਕਿਸੇ ਅਣਪਛਾਤੇ ਸ਼ਰਾਰਤੀ ਅਨਸਰ ਵੱਲੋਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਹ ਧਮਕੀ ਭਰਿਆ ਮੈਸੇਜ ਮਿਲਦਿਆਂ ਸਾਰ ਹੀ ਸਕੂਲ ਪ੍ਰਸ਼ਾਸਨ ਤੇ ਬੱਚਿਆਂ ਦੇ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਕੂਲ ਮੈਨੇਜਮੈਂਟ ਨੇ ਕੋਈ ਖ਼ਤਰਾ ਨਾ ਲੈਂਦਿਆਂ ਤੁਰੰਤ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਘਰ ਭੇਜ ਦਿੱਤਾ ਗਿਆ।
ਜਿਉਂ ਹੀ ਇਹ ਖ਼ਬਰ ਸ਼ਹਿਰ ਵਿਚ ਫ਼ੈਲੀ, ਪੂਰੇ ਇਲਾਕੇ ਵਿਚ ਭਾਜੜਾਂ ਪੈ ਗਈਆਂ। ਸੂਚਨਾ ਮਿਲਦਿਆਂ ਹੀ ਭਾਰੀ ਪੁਲਸ ਫ਼ੋਰਸ ਤੇ ਬੰਬ ਨਿਰੋਧਕ ਦਸਤੇ ਦੇ ਨਾਲ ਥਾਣਾ ਡਵੀਜਨ ਨੰਬਰ 1 ਦੀ ਪੁਲਸ ਨੇ ਸਕੂਲ ਨੂੰ ਚਾਰੋ ਪਾਸਿਓਂ ਘੇਰ ਕੇ ਮਹਾ ਸਰਚ ਆਪ੍ਰੇਸ਼ਨ ਚਲਾਇਆ। ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਜਦੋਂ ਕੁਝ ਨਹੀਂ ਮਿਲਿਆ ਤਾਂ ਪ੍ਰਸ਼ਾਸਨ ਨੇ ਥੋੜ੍ਹੀ ਰਾਹਤ ਮਹਿਸੂਸ ਕੀਤੀ।
ਜਾਣਕਾਰੀ ਮੁਤਾਬਕ, ਅੱਜ ਸਵੇਰੇ ਸਕੂਲ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਮੈਸੇਜ ਭੇਜਿਆ ਗਿਆ, ਜਿਸ ਵਿਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਪ੍ਰਿੰਸੀਪਲ ਨੇ ਸਿਆਣਪ ਵਰਤਦਿਆਂ ਬੱਚਿਆਂ ਨੂੰ ਬਿਨਾਂ ਕੁਝ ਦੱਸੇ ਕਲਾਸਾਂ ਵਿਚੋਂ ਬਾਹਰ ਕੱਢਿਆ ਅਤੇ ਸਕੂਲ ਵੈਨ ਰਾਹੀਂ ਉਨ੍ਹਾਂ ਨੂੰ ਘਰ ਭੇਜ ਦਿੱਤਾ। ਇਸ ਦੇ ਨਾਲ ਹੀ ਬਾਕੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਬੁਲਾ ਕੇ ਬੱਚਿਆਂ ਨੂੰ ਲਿਜਾਣ ਲਈ ਆਖਿਆ ਗਿਆ। ਸਕੂਲ ਵੱਲੋਂ ਧਮਕੀ ਦੀ ਸੂਚਨਾ ਮਿਲਦਿਆਂ ਹੀ ਲੁਧਿਆਣਾ ਕਮਿਸ਼ਨਰੇਟ ਦੇ ਅਫ਼ਸਰ, ਥਾਣਾ ਡਵੀਜ਼ਨ ਨੰਬਰ 1 ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਵੀਰ ਸਿੰਘ ਪੁਲਸ ਫ਼ੋਰਸ ਅਤੇ ਡਾਗ ਸਕੁਐਡ ਨਾਲ ਤੁਰੰਤ ਮੌਕੇ 'ਤੇ ਪਹੁੰਚੇ। ਤਕਰੀਬਨ 2-3 ਘੰਟੇ ਚੈਕਿੰਗ ਮਗਰੋਂ ਸਕੂਲ ਵਿਚੋਂ ਕੁਝ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ, ਜਿਸ ਤੋਂ ਸਾਫ਼ ਹੋ ਗਿਆ ਕਿ ਇਹ ਸਿਰਫ਼ ਇਕ 'ਹਾਕਸ ਕਾਲ' ਸੀ। ਥਾਣਾ ਡਵੀਜ਼ ਨੰਬਰ 1 ਦੇ ਮੁਖੀ ਇੰਸਪੈਕਰ ਪਰਮਵੀਰ ਸਿੰਘ ਨੇ ਇਸ ਸਭ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਸਾਰੇ ਬੱਚੇ ਤੇ ਸਟਾਫ਼ ਪੂਰੀ ਤਰ੍ਹਾਂ ਸੁਰੱਖਿਅਤ ਹਨ।
