ਜਾਅਲੀ NOC ਨਾਲ ਰਜਿਸਟਰੀਆਂ ਕਰਵਾਉਣ ਵਾਲੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ
Saturday, Jul 11, 2026 - 11:13 AM (IST)
ਖੰਨਾ (ਬਿਪਨ): ਖੰਨਾ ਸ਼ਹਿਰ ਵਿਚ ਜਾਅਲੀ ਐੱਨ.ਓ.ਸੀ. ਲਗਾ ਰਜਿਸਟਰੀਆਂ ਕਰਵਾਉਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਸ਼ਿਕਾਇਤਕਰਤਾ ਅਨੁਸਾਰ ਪ੍ਰਸ਼ਾਸਨ ਵੱਲੋਂ ਕੁਝ ਲੋਕਾਂ ਦੇ ਕਾਰਵਾਈ ਤਾਂ ਕੀਤੀ ਗਈ ਹੈ, ਪਰ ਹਾਲੇ ਵੀ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਜੋ ਇਸ ਵਿਚ ਸ਼ਾਮਲ ਹਨ, ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਦੂਜੇ ਪਾਸੇ ਐੱਸ.ਡੀ.ਐੱਮ. ਖੰਨਾ ਨੇ ਭਰੋਸਾ ਦਵਾਇਆ ਕਿ ਪੁਲਸ ਦੀ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਵਿਭਾਗ ਵੱਲੋਂ ਵੀ ਕਾਰਵਾਈ ਕੀਤੀ ਜਾਵੇਗੀ।
ਦਰਅਸਲ, ਇਸ ਖੇਡ ਦਾ ਖੁਲਾਸਾ ਸਮਾਜ ਸੇਵੀ ਸਰਬਜੀਤ ਸਿੰਘ ਕੰਗ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ ਸੀ। ਸਰਬਜੀਤ ਸਿੰਘ ਕੰਗ ਅਤੇ ਉਨ੍ਹਾਂ ਦੀ ਟੀਮ ਵੱਲੋਂ ਪ੍ਰੈਸ ਕਾਨਫਰੰਸ ਕਰ ਖੰਨਾ ਵਿਚ ਜਾਅਲੀ ਐੱਨ.ਓ.ਸੀ. ਲਗਾ ਰਜਿਸਟਰੀਆਂ ਕਰਵਾਉਣ ਦਾ ਮਾਮਲਾ ਉਜਾਗਰ ਕੀਤਾ ਗਿਆ ਸੀ ਜਿਸ 'ਤੇ ਹੁਣ ਤੱਕ ਚਾਰ ਲੋਕਾਂ ਖ਼ਿਲਾਫ਼ ਪੁਲਸ ਨੇ ਮਾਮਲਾ ਵੀ ਦਰਜ ਕਰ ਦਿੱਤਾ। ਇਸ ਸਭ ਦੇ ਬਾਵਜੂਦ ਸ਼ਿਕਾਇਤਕਰਤਾ ਨਾਖੁਸ਼ ਹਨ ਅਤੇ ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹੁਣ ਤੱਕ ਜੋ ਕਾਰਵਾਈ ਕੀਤੀ ਗਈ ਹੈ, ਉਸ ਦੇ ਲਈ ਉਹ ਖੰਨਾ ਦੀ ਐੱਸ.ਡੀ.ਐੱਮ. ਦਾ ਧੰਨਵਾਦ ਕਰਦੇ ਹਨ, ਪਰ ਹਾਲੇ ਵੀ ਵਿਭਾਗ ਦੇ ਜੋ ਅਧਿਕਾਰੀ ਅਤੇ ਕਰਮਚਾਰੀ ਇਸ ਰੈਕਟ ਦੇ ਵਿਚ ਸ਼ਾਮਲ ਹਨ, ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਲੇ 50 ਫ਼ੀਸਦੀ ਤੋਂ ਵੱਧ ਰਜਿਸਟਰੀਆਂ ਦੀ ਜਾਂਚ ਬਕਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਮਾਮਲਾ ਸਾਲ 2022 ਤੋਂ ਚੱਲਦਾ ਆ ਰਿਹਾ ਹੈ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਜੋ ਵੀ ਅਧਿਕਾਰੀ ਖੰਨਾ ਤਹਿਸੀਲ ਵਿਚ ਤਾਇਨਾਤ ਰਹੇ ਹਨ, ਉਨ੍ਹਾਂ ਖ਼ਿਲਾਫ਼ ਜਾਂਚ ਕਰ ਕਾਰਵਾਈ ਕੀਤੀ ਜਾਵੇ।
