ਲੁਧਿਆਣਾ ਪੁਲਸ ਦੀ ਵੱਡੀ ਕਾਰਵਾਈ; 100 ਤੋਂ ਵੱਧ ਮੁਲਜ਼ਮ ਗ੍ਰਿਫਤਾਰ
Sunday, Jul 05, 2026 - 06:17 PM (IST)
ਲੁਧਿਆਣਾ (ਅਨਿਲ): ਸੰਗਠਿਤ ਅਪਰਾਧ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਅੱਜ ਪੁਲਸ ਕਮਿਸ਼ਨਰ ਲੁਧਿਆਣਾ ਦੀ ਨਿਗਰਾਨੀ ਹੇਠ 'ਆਪ੍ਰੇਸ਼ਨ ਪ੍ਰਹਾਰ 3' ਚਲਾਇਆ। ਇਹ ਮੁਹਿੰਮ ਕਮਿਸ਼ਨਰੇਟ ਭਰ ਵਿਚ ਅਪਰਾਧੀਆਂ, ਭਗੌੜਿਆਂ, ਨਸ਼ਾ ਤਸਕਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਚਲਾਈ ਗਈ ਸੀ।
ਪੁਲਸ ਕਮਿਸ਼ਨਰ ਨੇ ਖੁਦ ਫੀਲਡ ਵਿਚ ਜਾ ਕੇ, ਚੱਲ ਰਹੀਆਂ ਛਾਪੇਮਾਰੀਆਂ ਦਾ ਨਿਰੀਖਣ ਕੀਤਾ ਅਤੇ ਸ਼ਹਿਰ ਦੇ ਰਣਨੀਤਕ ਸਥਾਨਾਂ 'ਤੇ ਲਗਾਏ ਗਏ ਨਾਕਿਆਂ ਦੀ ਜਾਂਚ ਕੀਤੀ ਤਾਂ ਜੋ ਕਾਰਵਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਇਸ ਮੁਹਿੰਮ ਦੌਰਾਨ ਪੁਲਸ ਟੀਮਾਂ ਨੇ 166 ਛਾਪੇ ਮਾਰੇ, ਜਿਸ ਦੇ ਨਤੀਜੇ ਵਜੋਂ 44 ਐਫ.ਆਈ.ਆਰ. ਦਰਜ ਕੀਤੀਆਂ ਗਈਆਂ। ਕੁੱਲ 132 ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ ਗਿਆ, 106 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, 62 ਵਿਅਕਤੀਆਂ ਨੂੰ ਅਪਰਾਧ ਰੋਕੂ ਕਾਰਵਾਈ ਤਹਿਤ ਹਿਰਾਸਤ ਵਿੱਚ ਲਿਆ ਗਿਆ ਅਤੇ 3 ਭਗੌੜੇ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ।
ਇਸ ਮੁਹਿੰਮ ਦੌਰਾਨ 102.45 ਗ੍ਰਾਮ ਹੈਰੋਇਨ, 19 ਕਿੱਲੋ ਗਾਂਜਾ, 135 ਨਸ਼ੀਲੀਆਂ ਗੋਲੀਆਂ, 2 ਹਥਿਆਰ, 2 ਜ਼ਿੰਦਾ ਕਾਰਤੂਸ, 15 ਮੋਟਰਸਾਈਕਲ, 3 ਮੋਬਾਈਲ ਫੋਨ, 43 ਪੇਟੀਆਂ/ਬੋਤਲਾਂ ਸ਼ਰਾਬ, 2 ਲੀਟਰ ਨਾਜਾਇਜ਼ ਸ਼ਰਾਬ, 2 ਪਾਊਚ ਨਾਜਾਇਜ਼ ਸ਼ਰਾਬ ਅਤੇ 4 ਲੋਹੇ ਦੀਆਂ ਚਾਬੀਆਂ ਬਰਾਮਦ ਕੀਤੀਆਂ ਗਈਆਂ। ਲੁਧਿਆਣਾ ਪੁਲਸ ਨੇ ਦੁਹਰਾਇਆ ਕਿ ਪੁਲਸ ਲੋਕਾਂ ਦੀ ਸੁਰੱਖਿਆ ਨੂੰ ਬਰਕਰਾਰ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਅਪਰਾਧੀ ਅਨਸਰਾਂ ਨੂੰ ਸ਼ਹਿਰ ਵਿਚ ਕੋਈ ਪਨਾਹ ਨਾ ਮਿਲੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਨਾਲ ਅਜਿਹੀਆਂ ਖੁਫੀਆ ਅਧਾਰਿਤ ਕਾਰਵਾਈਆਂ ਜਾਰੀ ਰਹਿਣਗੀਆਂ।
