ਦੋਸ਼ ਭਰੋਸੇ ਯੋਗ ਤਾਂ ਮੈਨੂੰ ਗ੍ਰਿਫਤਾਰ ਕਰੋ : ਕੇਜਰੀਵਾਲ

Saturday, Feb 19, 2022 - 12:36 PM (IST)

ਬਠਿੰਡਾ/ਚੰਡੀਗੜ੍ਹ (ਬਿਊਰੋ) : ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿਚ ਇਕ ਰਹੇ ਕੁਮਾਰ ਵਿਸ਼ਵਾਸ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਪੰਜਾਬ ਦਾ ਮੁੱਖ ਮੰਤਰੀ ਜਾਂ ਇਕ ਸੁਤੰਤਰ ਰਾਸ਼ਟਰ (ਖਾਲਿਸਤਾਨ) ਦਾ ਪ੍ਰਧਾਨ ਮੰਤਰੀ ਬਣਨ ਦੀ ਚਾਹਤ ਰੱਖਣ ਦੇ ਦੋਸ਼ ’ਤੇ ਵਿਰੋਧੀ ਪਾਰਟੀਆਂ ਦੇ ਭਿਆਨਕ ਹਮਲੇ ਤੋਂ ਬਾਅਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਚੁੱਪੀ ਤੋੜੀ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਤਿੰਨੋਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਸਾਡੇ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੀਆਂ ਹਨ। ਇਕ ਸੋਚੀ-ਸਮਝੀ ਰਣਨੀਤੀ ਤਹਿਤ ਸਾਰੇ ਭ੍ਰਿਸ਼ਟਾਚਾਰੀ ਨੇਤਾ ਇਕ ਹੋ ਕੇ ਮੈਨੂੰ ਅੱਤਵਾਦੀ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਦੁਨੀਆ ਦਾ ਸਭ ਤੋਂ ‘ਸਵੀਟ ਅੱਤਵਾਦੀ’ ਹਾਂ। ਮੈਂ ਹਸਪਤਾਲ ਬਣਵਾਉਂਦਾ ਹਾਂ, ਬਿਜਲੀ ਫ੍ਰੀ ਕਰਦਾ ਹਾਂ, ਲੋਕਾਂ ਦੀ ਸੇਵਾ ਕਰਦਾ ਹਾਂ।

ਇਹ ਵੀ ਪੜ੍ਹੋ : ਦਿੜ੍ਹਬਾ ’ਚ ਭਗਵੰਤ ਮਾਨ ਦੇ ਕਾਫਿਲੇ ਨੂੰ ਲੋਕਾਂ ਨੇ ਰੋਕਿਆ

ਬਠਿੰਡਾ ਵਿਚ ਪ੍ਰੈੱਸ ਕਾਨਫਰੰਸ ਵਿਚ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਇਕ ਅਧਿਕਾਰੀ ਨੇ ਸੂਚਿਤ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਕਰ ਕੇ ਸ਼ਿਕਾਇਤ ਮੰਗਵਾਈ ਹੈ ਅਤੇ ਮੇਰੇ ਖ਼ਿਲਾਫ਼ ਦੋ ਦਿਨਾਂ ਅੰਦਰ ਐੱਨ. ਆਈ. ਏ. (ਰਾਸ਼ਟਰੀ ਜਾਂਚ ਏਜੰਸੀ) ਵਿਚ ਸ਼ਿਕਾਇਤ ਦਰਜ ਕੀਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਜੇਕਰ ਮੈਂ 10 ਸਾਲਾਂ ਤੋਂ ਭਾਰਤ ਦੇ ਦੋ ਟੁੱਕੜੇ ਕਰਨ ਦਾ ਪਲਾਨ ਕਰ ਰਿਹਾ ਸੀ ਤਾਂ ਹੁਣ ਤੱਕ ਸਰਕਾਰ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਜੇਕਰ ਮੇਰੇ ’ਤੇ ਦੋਸ਼ ਭਰੋਸਾ ਕਰਨ ਯੋਗ ਹਨ ਤਾਂ ਸਰਕਾਰ ਮੈਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ? ਮੈਂ ਅਜਿਹੀਆਂ ਸਾਰੀਆਂ ਐੱਫ. ਆਈ. ਆਰਜ਼ ਦਾ ਸਵਾਗਤ ਕਰਦਾ ਹਾਂ। ਜੇਕਰ ਕੇਂਦਰ ਸਰਕਾਰ ਸੁਰੱਖਿਆ ਦਾ ਮੁੱਦਾ ਇਸ ਤਰ੍ਹਾਂ ਡੀਲ ਕਰੇਗੀ ਤਾਂ ਇਹ ਚਿੰਤਾਜਨਕ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਕੇਜਰੀਵਾਲ ਦੇ ਦਿੱਲੀ ਮਾਡਲ ਬਾਰੇ ਪੰਜਾਬੀਆਂ ਨੂੰ ਕੀਤਾ ਸੁਚੇਤ

ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ’ਤੇ ਟਿੱਪਣੀ ਕੱਸਦੇ ਹੋਏ ਕਿਹਾ ਕਿ ਕੁਮਾਰ ਵਿਸ਼ਵਾਸ ਤਾਂ ਕਾਮੇਡੀ ਕਵੀ ਹੈ। ਇਸ ਕਵੀ ਦਾ ਸ਼ੁਕਰੀਆ ਜਿਸਨੇ ‘ਅੱਤਵਾਦੀ’ ਫੜ ਲਿਆ। ਉਹ ਕੁਝ ਵੀ ਕਹਿ ਦਿੰਦਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਗੰਭੀਰਤਾ ਨਾਲ ਲਿਆ ਹੈ। ਇਹ ਘਟਨਾਚੱਕਰ ਦਿਲਚਸਪ ਹੈ। ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਮੇਰੇ ’ਤੇ ਇਹ ਦੋਸ਼ ਲਾਇਆ ਸੀ। ਅਗਲੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਉਸੇ ਭਾਸ਼ਾ ਦੀ ਵਰਤੋਂ ਕੀਤੀ ਅਤੇ ਫਿਰ ਪ੍ਰਿਯੰਕਾ ਗਾਂਧੀ ਅਤੇ ਸੁਖਬੀਰ ਸਿੰਘ ਬਾਦਲ ਨੇ ਇਸ ਦੀ ਰੀਸ ਕੀਤੀ। ਕਿਸੇ ਨੇ ਕਦੇ ਨਹੀਂ ਸੋਚਿਆ ਸੀ ਕਿ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨੂੰ ਨਕਲ ਕਰਨਗੇ।

7 ਸਾਲਾਂ ’ਚ ਮੇਰੇ ਦਫਤਰ ਤੇ ਨਿਵਾਸ ’ਤੇ ਛਾਪਿਆਂ ’ਚ ਕੁਝ ਨਹੀਂ ਮਿਲਿਆ

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਪੁਲਸ, ਈ. ਡੀ., ਇਨਕਮ ਟੈਕਸ ਅਤੇ ਹੋਰ ਏਜੰਸੀਆਂ ਨੇ ਪਿਛਲੇ 7 ਸਾਲਾਂ ਵਿਚ ਮੇਰੇ ਦਫਤਰ ਅਤੇ ਨਿਵਾਸ ’ਤੇ ਛਾਪੇ ਮਾਰੇ ਪਰ ਕੋਈ ਵੀ ਏਜੰਸੀ ਮੇਰੇ ਖ਼ਿਲਾਫ਼ ਕੁਝ ਵੀ ਨਹੀਂ ਲੱਭ ਸਕੀ। ਮੇਰੇ ’ਤੇ ਦੇਸ਼ ਤੋੜਨ ਦੇ ਦੋਸ਼ ਨਾਲ ਹਾਸਾ ਆਉਂਦਾ ਹੈ। ਕੇਜਰੀਵਾਲ ਨੇ ਕਿਹਾ ਕਿ 100 ਸਾਲ ਪਹਿਲਾਂ ਭਗਤ ਸਿੰਘ ਨੂੰ ਅੰਗਰੇਜ਼ਾਂ ਨੇ ਅੱਤਵਾਦੀ ਕਿਹਾ ਸੀ ਅਤੇ ਮੈਂ ਉਨ੍ਹਾਂ ਦਾ ਕੱਟੜ ਅੱਤਵਾਦੀ ਹਾਂ। ਅੱਜ ਇਤਿਹਾਸ ਖੁਦ ਨੂੰ ਦੋਹਰਾ ਰਿਹਾ ਹੈ। ਭਗਤ ਸਿੰਘ ਦੇ ਪੈਰੋਕਾਰ ਨੂੰ ਅੱਤਵਾਦੀ ਬਣਾਉਣ ਲਈ ਇਨ੍ਹਾਂ ਸਾਰੇ ਭ੍ਰਿਸ਼ਟ ਲੋਕਾਂ ਨੇ ਮਿਲ ਕੇ ਕੰਮ ਕੀਤਾ ਹੈ ਪਰ ਲੋਕ ਸੱਚਾਈ ਜਾਣਦੇ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News