ਸੁਖਪਾਲ ਖਹਿਰਾ ਦਾ ਦੋਸ਼ ਭ੍ਰਿਸ਼ਟ ਤੇ ਦਾਗੀ BDPO ਕੁਲਵਿੰਦਰ ਰੰਧਾਵਾ ਦਾ ਕਰੋ ਤੁਰੰਤ ਤਬਾਦਲਾ
Tuesday, Feb 24, 2026 - 04:12 PM (IST)
ਚੰਡੀਗੜ੍ਹ/ਜਲੰਧਰ : ਸੀਨੀਅਰ ਕਾਂਗਰਸ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ BDPO ਨਡਾਲਾ ਕੁਲਵਿੰਦਰ ਰੰਧਾਵਾ ਦਾ ਕਪੂਰਥਲਾ ਜ਼ਿਲ੍ਹੇ ਤੋਂ ਤੁਰੰਤ ਤਬਾਦਲਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਅਫ਼ਸਰ ਨੇ ਕੱਲ੍ਹ ਉਨ੍ਹਾਂ ਦੀ ਪ੍ਰਾਪਰਟੀ ਦੀ ਬਿਨਾਂ ਨੋਟਿਸ ਅਤੇ ਬਿਨਾਂ ਸੁਣਵਾਈ ਦੇ ਗੈਰਕਾਨੂੰਨੀ ਤੌਰ 'ਤੇ ਤੋੜਫੋੜ ਕਰਵਾਈ। ਖਹਿਰਾ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਕਾਨੂੰਨੀ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਗਈ ਅਤੇ ਉਨ੍ਹਾਂ ਦੇ ਮਲਕੀਅਤ ਸਬੰਧੀ ਦਸਤਾਵੇਜ਼ਾਂ ਦੀ ਕੋਈ ਜਾਂਚ ਜਾਂ ਪੁਸ਼ਟੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਰੰਧਾਵਾ ਦੀ ਇਮਾਨਦਾਰੀ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿਚ ਹੈ। BDPO ਅਮਲੋਹ ਦੇ ਦੌਰਾਨ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ 40.85 ਲੱਖ ਰੁਪਏ ਦੇ ਕਥਿਤ ਘਪਲੇ ਸਬੰਧੀ ਮਾਮਲਾ (FIR ਨੰਬਰ 37, ਮਿਤੀ 09.08.2024, ਵਿਜੀਲੈਂਸ ਬਿਊਰੋ, ਪਟਿਆਲਾ) ਦਰਜ ਕੀਤਾ ਗਿਆ ਸੀ।
ਖਹਿਰਾ ਨੇ ਕਿਹਾ ਕਿ ਜਦੋਂ ਸੱਤਾਧਾਰੀ ਪਾਰਟੀ ਦੇ ਇਕ ਵਿਧਾਇਕ ਵੱਲੋਂ ਵੀ ਇਸ ਅਧਿਕਾਰੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾ ਚੁੱਕੇ ਹਨ ਅਤੇ ਉਸ ਨੂੰ ਪਹਿਲਾਂ ਮੁਅੱਤਲ ਤੇ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਤਾਂ ਅਜਿਹੇ ਅਧਿਕਾਰੀ ਤੋਂ ਨਿਰਪੱਖ ਕਾਰਵਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਤੋੜਫੋੜ ਸਿਆਸੀ ਦਬਾਅ ਹੇਠ ਕੀਤੀ ਗਈ ਹੈ ਅਤੇ ਇਹ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਪ੍ਰਸ਼ਾਸਨਿਕ ਮਸ਼ੀਨਰੀ ਦੇ ਦੁਰਉਪਯੋਗ ਨੂੰ ਦਰਸਾਉਂਦੀ ਹੈ।
ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਸਕੱਤਰ ਪੰਜਾਬ ਨੂੰ ਅਪੀਲ ਕੀਤੀ ਕਿ ਕੁਲਵਿੰਦਰ ਰੰਧਾਵਾ ਦਾ ਤੁਰੰਤ ਕਪੂਰਥਲਾ ਜ਼ਿਲ੍ਹੇ ਤੋਂ ਤਬਾਦਲਾ ਕੀਤਾ ਜਾਵੇ ਅਤੇ ਇਸ ਗੈਰਕਾਨੂੰਨੀ ਤੋੜਫੋੜ ਦੀ ਨਿਰਪੱਖ ਜਾਂਚ ਦੇ ਹੁਕਮ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨਿਕ ਜ਼ਬਰਦਸਤੀ ਅਤੇ ਸਿਆਸੀ ਬਦਲੇ ਦੀ ਕਾਰਵਾਈ ਦੇ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣਗੇ ਅਤੇ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਸਾਰੇ ਕਾਨੂੰਨੀ ਅਤੇ ਸੰਵੀਧਾਨਕ ਬਦਲ ਅਪਣਾਉਣਗੇ।
