ਜੇਲ ਦੇ ਬੰਦੀ ਲਈ ਕੱਪੜਿਆਂ ’ਚ ਸਿਲਾਈ ਕਰ ਕੇ ਲਿਆਈ ਹੈਰੋਇਨ, ਮੁਲਜ਼ਮ ਔਰਤ ਨੇ ਕੀਤਾ ਸਰੰਡਰ

Friday, Jun 26, 2026 - 03:45 PM (IST)

ਜੇਲ ਦੇ ਬੰਦੀ ਲਈ ਕੱਪੜਿਆਂ ’ਚ ਸਿਲਾਈ ਕਰ ਕੇ ਲਿਆਈ ਹੈਰੋਇਨ, ਮੁਲਜ਼ਮ ਔਰਤ ਨੇ ਕੀਤਾ ਸਰੰਡਰ

ਫਰੀਦਕੋਟ (ਜਗਦੀਸ਼) : ਜੇਲ ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ ਦੀ ਮੁਲਜ਼ਮ ਚਰਨਜੀਤ ਕੌਰ ਪਤਨੀ ਮੱਖਣ ਸਿੰਘ ਵਾਸੀ ਬਿਲਾਸਪੁਰ (ਮੋਗਾ) ਵੱਲੋਂ ਸਥਾਨਕ ਮਾਣਯੋਗ ਅਦਾਲਤ ’ਚ ਸਰੰਡਰ ਕੀਤੇ ਜਾਣ ਦੀ ਸੂਰਤ ’ਚ ਥਾਣਾ ਸਿਟੀ ਫਰੀਦਕੋਟ ਪੁਲਸ ਵੱਲੋਂ ਇਸ ਨੂੰ ਪੁਲਸ ਹਿਰਾਸਤ ’ਚ ਲੈ ਗਿਆ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਰਾਮ ਨੇ ਦੱਸਿਆ ਕਿ ਬੀਤੀ 21 ਜੁਲਾਈ 2025 ਨੂੰ ਜੇਲ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਨੇ ਥਾਣਾ ਸਿਟੀ ਨੂੰ ਕਨੂੰਨੀ ਕਾਰਵਾਈ ਕਰਨ ਲਈ ਲਿਖੇ ਪੱਤਰ ਵਿਚ ਦੱਸਿਆ ਸੀ ਕਿ ਉਸ ਦੀ ਡਿਊਟੀ ਬਤੌਰ ਡੇਅ ਅਫਸਰ ਲੱਗੀ ਹੋਈ ਸੀ। ਦੁਪਹਿਰ ਦੇ ਕਰੀਬ 1 ਵਜੇ ਹਵਾਲਾਤੀ ਹਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਭੋਨਾ ਚੌਕ ਹਾਲ ਬਿਲਾਸਪੁਰ ਜ਼ਿਲ੍ਹਾ ਮੋਗਾ ਜੋ ਮੁਕੱਦਮਾ ਨੰਬਰ 27 ਮਿਤੀ 25 ਜਨਵਰੀ 2025 ਅਧੀਨ ਧਾਰਾ 21 ਐੱਨ. ਡੀ. ਪੀ. ਐੱਸ. ਐਕਟ ਥਾਣਾ ਐੱਸ. ਟੀ. ਐੱਫ. ਮੋਹਾਲੀ ਤਹਿਤ ਫਰੀਦਕੋਟ ਜੇਲ ’ਚ ਬੰਦ ਹੈ, ਨੂੰ ਇਸ ਦੀ ਪਤਨੀ ਵੀਰਪਾਲ ਕੌਰ ਅਤੇ ਉਸ ਦੀ ਮਾਤਾ ਚਰਨਜੀਤ ਕੌਰ ਪਤਨੀ ਮੱਖਣ ਸਿੰਘ ਵਾਸੀ ਬਿਲਾਸਪੁਰ ਮੁਲਾਕਾਤ ਕਰਨ ਕੱਪੜੇ ਦੇਣ ਲਈ ਜੇਲ ਦੇ ਬਾਹਰਲੇ ਗੇਟ ’ਤੇ ਆਈਆਂ। 

ਇਸ ਦੌਰਾਨ ਬਾਹਰ ਗੇਟ ’ਤੇ ਰਜਿਸ਼ਟ੍ਰੇਸ਼ਨ ਕਰਵਾਉਣ ਸਮੇਂ ਜਦੋਂ ਇਹ ਪਤਾ ਲੱਗਾ ਕਿ ਬੰਦੀ ਹਰਪ੍ਰੀਤ ਸਿੰਘ ਨੂੰ ਡਿਊਟੀ ਪੁਲਸ ਕਰਮਚਾਰੀ ਪੇਸ਼ੀ ਲਈ ਮੋਗਾ ਵਿਖੇ ਲੈ ਕੇ ਗਏ ਹਨ ਤਾਂ ਬੰਦੀ ਦੀ ਪਤਨੀ ਅਤੇ ਉਸ ਦੀ ਮਾਤਾ ਨੇ ਕੱਪੜੇ ਜਮ੍ਹਾ ਕਰਵਾ ਦਿੱਤੇ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਜਦੋਂ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਸਰਬਜੀਤ ਕੌਰ ਦੀ ਨਿਗਰਾਨੀ ਹੇਠ ਡਿਓੜੀ ’ਚ ਮੌਜੂਦ ਵਾਰਡਨ ਗੁਰਵਿੰਦਰ ਸਿੰਘ ਨੇ ਐਕਸ-ਰੇਅ ਮਸ਼ੀਨ ਰਾਹੀਂ ਕੱਪੜੇ ਚੈੱਕ ਕੀਤੇ ਤਾਂ ਕੱਪੜਿਆਂ ’ਚ ਸਿਲਾਈ ਕੀਤਾ ਹੋਇਆ ਕੋਈ ਪਦਾਰਥ ਨਜ਼ਰ ਆਇਆ ਜਿਸ ’ਤੇ ਡਿਪਟੀ ਸੁਪਰਡੈਂਟ ਜੇਲ ਪਰਮਿੰਦਰ ਸਿੰਘ ਦੇ ਸਾਹਮਣੇ ਜਦ ਸਿਲਾਈ ਖੋਲ੍ਹੀ ਗਈ ਤਾਂ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 35 ਗ੍ਰਾਮ ਪਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ’ਤੇ ਥਾਣਾ ਸਿਟੀ ਵੱਲੋਂ ਕਾਰਵਾਈ ਕਰਦਿਆਂ ਦੋਵਾਂ ’ਤੇ ਹੀ ਮੁਕੱਦਮਾ ਦਰਜ ਕੀਤਾ ਗਿਆ ਸੀ।


author

Gurminder Singh

Content Editor

Related News