ਪਿੰਡ ਪੰਜਗਰਾਈ ਕਲਾਂ ਵਿਖੇ ਘੋੜੇ ਟਰਾਲੇ ਹੇਠ ਆਉਣ ਕਾਰਨ ਲੜਕੀ ਦੀ ਮੌਤ

Saturday, Jun 27, 2026 - 05:03 PM (IST)

ਪਿੰਡ ਪੰਜਗਰਾਈ ਕਲਾਂ ਵਿਖੇ ਘੋੜੇ ਟਰਾਲੇ ਹੇਠ ਆਉਣ ਕਾਰਨ ਲੜਕੀ ਦੀ ਮੌਤ

ਕੋਟਕਪੂਰਾ (ਨਰਿੰਦਰ) : ਨੇੜਲੇ ਪਿੰਡ ਪੰਜਗਰਾਈਂ ਕਲਾਂ ਦੇ ਬੱਸ ਸਟੈਂਡ ਕੋਲ ਵਾਪਰੇ ਇਕ ਸੜਕ ਹਾਦਸੇ ਵਿਚ ਘੋੜੇ ਟਰਾਲੇ ਹੇਠ ਆਉਣ ਕਾਰਨ ਇਕ 17 ਸਾਲਾ ਲੜਕੀ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਥਾਣਾ ਸਦਰ ਪੁਲਸ ਕੋਟਕਪੂਰਾ ਵੱਲੋਂ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਘੋੜੇ ਟਰਾਲੇ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਇਸ ਸਬੰਧ ਵਿਚ ਗੁਰਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਗਿੱਲ ਪੱਤੀ ਪੰਜਗਰਾਈਂ ਕਲਾਂ ਨੇ ਥਾਣਾ ਸਦਰ ਕੋਟਕਪੂਰਾ ਅਧੀਨ ਪੈਂਦੀ ਪੁਲਸ ਚੌਕੀ ਪੰਜਗਰਾਈ ਕਲਾਂ ਨੂੰ ਦਿੱਤੇ ਬਿਆਨਾਂ ਮੁਤਾਬਕ ਉਸ ਦੀ ਸਭ ਤੋਂ ਛੋਟੀ ਲੜਕੀ ਅਰਸ਼ਦੀਪ ਕੌਰ (17) ਜੋ ਕੋਟਕਪੂਰਾ ਵਿਖੇ ਕੰਪਿਊਟਰ ਕੋਰਸ ਕਰਦੀ ਹੈ, ਨੂੰ ਲੈਣ ਲਈ ਪੰਜਗਰਾਈ ਕਲਾਂ ਦੇ ਬੱਸ ਸਟੈਂਡ ’ਤੇ ਉਡੀਕ ਕਰ ਰਿਹਾ ਸੀ।

ਉਸ ਨੇ ਦੱਸਿਆ ਕਿ ਜਦੋਂ ਉਸ ਦੀ ਲੜਕੀ ਅਰਸ਼ਦੀਪ ਕੌਰ ਬੱਸ ਤੋਂ ਉੱਤਰ ਕੇ ਸੜਕ ਪਾਰ ਕਰਨ ਲੱਗੀ ਤਾਂ ਦੇਖਦੇ ਹੀ ਦੇਖਦੇ ਕਣਕ ਨਾਲ ਭਰੇ ਘੋੜੇ ਟਰਾਲੇ ਦੇ ਡਰਾਈਵਰ ਨੇ ਲਾਪਰਵਾਹੀ ਤੇ ਗਲਤ ਸਾਈਡ ਤੋਂ ਟਰਾਲਾ ਲਿਆ ਕੇ ਉਸ ਦੀ ਲੜਕੀ ’ਤੇ ਚੜਾ ਦਿੱਤਾ, ਜਿਸ ਨਾਲ ਉਸ ਦੀ ਲੜਕੀ ਦੀ ਖੱਬੀ ਲੱਤ ਅਤੇ ਬਾਂਹ ਟੁੱਟ ਗਈ ਅਤੇ ਹੋਰ ਵੀ ਕਾਫੀ ਸੱਟਾਂ ਵੱਜੀਆਂ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਵੱਲੋਂ ਆਪਣੀ ਲੜਕੀ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧ ’ਚ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਟਰਾਲਾ ਚਾਲਕ ਇਕਬਾਲ ਸਿੰਘ ਵਾਸੀ ਪਿੰਡ ਕੋਟਲਾ ਰਾਏਕਾ (ਮੋਗਾ) ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News