ਅਵਾਰਾ ਕੁੱਤਿਆਂ ਵੱਲੋਂ ਇਕ ਹੋਰ ਕੁੱਤੇ ਨੂੰ ਖੌਫਨਾਕ ਤਰੀਕੇ ਨਾਲ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰਿਆ
Saturday, Jun 27, 2026 - 05:59 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ) : ਕੋਟਕਪੂਰਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਵਾਰਾ ਅਤੇ ਆਦਮਖੋਰ ਕੁੱਤਿਆਂ ਦਾ ਖ਼ੌਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਸਥਾਨਕ ਦੁਆਰੇਆਣਾ ਰੋਡ ''ਤੇ ਲੱਗੇ ਇਕ ਸੀ.ਸੀ.ਟੀ.ਵੀ. ਕੈਮਰੇ ਰਾਹੀਂ ਅੱਧੀ ਰਾਤ ਨੂੰ ਅਵਾਰਾ ਕੁੱਤਿਆਂ ਦੇ ਇਕ ਵੱਡੇ ਝੁੰਡ ਵੱਲੋਂ ਉੱਥੇ ਲੰਘ ਰਹੇ ਇਕ ਹੋਰ ਕੁੱਤੇ ਨੂੰ ਬਹੁਤ ਹੀ ਖੋਫਨਾਕ ਤਰੀਕੇ ਨਾਲ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦੇਣ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੁੱਤਿਆਂ ਦੇ ਇਸ ਝੁੰਡ ਵੱਲੋਂ ਉਸ ਦੂਸਰੇ ਕੁੱਤੇ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਪਾੜ ਕੇ ਮਾਰ ਦੇਣ ਦੀ ਇਸ ਘਟਨਾ ਕਾਰਨ ਇਲਾਕਾ ਨਿਵਾਸੀਆਂ ਵਿਚ ਭੈਅ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਆਦਮਖੋਰ ਕੁੱਤੇ ਅਕਸਰ ਇਕੱਲੇ ਲੰਘ ਰਹੇ ਲੋਕਾਂ ''ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਲੋਕਾਂ ਦੀ ਜਾਨ-ਮਾਲ ਨੂੰ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੁੱਤਿਆਂ ਦੇ ਝੁੰਡਾਂ ਦੇ ਪਿੱਛੇ ਪੈਣ ਅਤੇ ਭੌਂਕਣ ਕਾਰਨ ਕਈ ਵਾਰ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਕਈ ਵਾਰ ਸ਼ਿਕਾਇਤਾਂ ਅਤੇ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਜਾਣਕਾਰੀ ਅਨੁਸਾਰ ਭਾਵੇਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਦੇ ਪ੍ਰਬੰਧ ਅਤੇ ਉਨ੍ਹਾਂ ਲਈ ਢੁੱਕਵੇਂ ਟਿਕਾਣਿਆਂ ਦੀ ਵਿਵਸਥਾ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪਰ ਕੋਟਕਪੂਰਾ ਇਲਾਕੇ ਵਿਚ ਇਨ੍ਹਾਂ ਹਦਾਇਤਾਂ ''ਤੇ ਪ੍ਰਭਾਵਸ਼ਾਲੀ ਅਮਲ ਨਹੀਂ ਹੋ ਸਕਿਆ, ਇਸ ਕਾਰਨ ਅਵਾਰਾ ਕੁੱਤੇ ਲੋਕਾਂ ਲਈ ਗੰਭੀਰ ਖ਼ਤਰਾ ਬਣੇ ਹੋਏ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ ਜਦ ਉਹ ਆਪਣੀਆਂ ਦੁਕਾਨਾਂ ''ਤੇ ਪਹੁੰਚੇ ਤਾਂ ਉਨ੍ਹਾਂ ਨੇ ਇਕ ਕੁੱਤਾ ਮਰਿਆ ਪਿਆ ਵੇਖਿਆ, ਜੋ ਕਿ ਬੁਰੀ ਤਰ੍ਹਾਂ ਵੱਢਿਆ-ਟੁੱਕਿਆ ਪਿਆ ਸੀ।
ਉਸ ਮ੍ਰਿਤਕ ਕੁੱਤੇ ਦੀ ਬਹੁਤ ਬੁਰੀ ਹਾਲਤ ਵੇਖ ਕੇ ਲੋਕਾਂ ਨੂੰ ਬਹੁਤ ਹੈਰਾਨੀ ਹੋਈ ਅਤੇ ਇਸ ਤੋਂ ਬਾਅਦ ਜਦੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇਖੀ ਗਈ ਤਾਂ ਸਾਹਮਣੇ ਆਇਆ ਕਿ ਕੁੱਤਿਆਂ ਦੇ ਇਕ ਝੁੰਡ ਨੇ ਹੀ ਅੱਧੀ ਰਾਤ ਦੇ ਕਰੀਬ ਉਸ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਉਨ੍ਹਾਂ ਦੱਸਿਆ ਕਿ ਕੁੱਤੇ ਇੰਨੇ ਹਿੰਸਕ ਹੋ ਚੁੱਕੇ ਸਨ ਕਿ 15-16 ਮਿੰਟ ਤੱਕ ਕੁੱਤਿਆਂ ਦਾ ਇਹ ਝੁੰਡ ਉਸਨੂੰ ਨੋਚਦਾ ਰਿਹਾ। ਦੁਕਾਨਦਾਰ ਮਲਕੀਤ ਸਿੰਘ ਭੱਟੀ, ਅਮਰ ਸਿੰਘ, ਅਸ਼ੋਕ ਕੁਮਾਰ ਅਤੇ ਹੋਰ ਦੁਕਾਨਦਾਰਾਂ ਨੇ ਕਿਹਾ ਕਿ ਸ਼ਹਿਰ ਦੇ ਹਰ ਗਲੀ-ਮੁਹੱਲੇ ਵਿੱਚ ਫਿਰਦੇ ਅਵਾਰਾ ਕੁੱਤੇ ਲੋਕਾਂ ਲਈ ਗੰਭੀਰ ਖਤਰਾ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਰਾਹ ਸਮੇਂ ਇਕੱਲੇ ਵਿਅਕਤੀ ਨੂੰ ਤਾਂ ਇੱਥੋਂ ਲੰਘਣਾ ਮੁਸ਼ਕਿਲ ਹੈ ਹੀ, ਇਸ ਤੋਂ ਇਲਾਵਾ ਦਿਨ ਸਮੇਂ ਵੀ ਬੱਚਿਆਂ, ਔਰਤਾਂ ਤੇ ਬਜੁਰਗਾਂ ਲਈ ਤਾਂ ਇਹ ਅਵਾਰਾ ਕੁੱਤੇ ਬਹੁਤ ਖਤਰਨਾਕ ਸਿੱਧ ਹੋ ਸਕਦੇ ਹਨ। ਉਨ੍ਹਾਂ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਦਮਖੋਰ ਬਣ ਚੁੱਕੇ ਅਵਾਰਾ ਕੁੱਤਿਆਂ ਨੂੰ ਤੁਰੰਤ ਕਾਬੂ ਕਰਕੇ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
