ਛੇੜਛਾੜ ਤੇ ਬਦਨਾਮੀ ਤੋਂ ਦੁਖੀ ਔਰਤ ਨੇ ਪੀਤੀ ਜ਼ਹਿਰੀਲੀ ਦਵਾਈ, ਮੁਲਜ਼ਮ ਖ਼ਿਲਾਫ਼ ਕੇਸ ਦਰਜ
Thursday, Jun 25, 2026 - 05:27 PM (IST)
ਫਰੀਦਕੋਟ (ਰਾਜਨ) : ਸਦਰ ਫਰੀਦਕੋਟ ਪੁਲਸ ਨੇ ਇੱਕ ਔਰਤ ਨਾਲ ਕਥਿਤ ਛੇੜਛਾੜ, ਤੰਗ-ਪਰੇਸ਼ਾਨ ਕਰਨ ਅਤੇ ਉਸ ਦੀ ਬਦਨਾਮੀ ਕਰਨ ਦੇ ਦੋਸ਼ ਹੇਠ ਪਿੰਡ ਚੇਤ ਸਿੰਘ ਵਾਲਾ ਨਿਵਾਸੀ ਇੱਕ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੀੜਤਾ ਇੱਕ ਸਰਕਾਰੀ ਦਫ਼ਤਰ ਵਿੱਚ ਕੰਟਰੈਕਟ ਆਧਾਰ ’ਤੇ ਨੌਕਰੀ ਕਰਦੀ ਹੈ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਮੁਲਜ਼ਮ ਨੇ ਕਰੀਬ 6 ਮਹੀਨੇ ਪਹਿਲਾਂ ਉਸ ਦੇ ਮੋਬਾਇਲ ਫੋਨ ’ਤੇ ਸਰੀਰਕ ਸਬੰਧ ਬਣਾਉਣ ਸਬੰਧੀ ਵਾਇਸ ਮੈਸੇਜ ਭੇਜਿਆ ਸੀ। ਇਸ ਦੇ ਨਾਲ ਹੀ ਉਕਤ ਵਾਇਸ ਰਿਕਾਰਡਿੰਗ ਨੂੰ ਪਿੰਡ ਦੇ ਸਾਂਝੇ ਸੋਸ਼ਲ ਮੀਡੀਆ ਗਰੁੱਪ 'ਚ ਵੀ ਪਾ ਦਿੱਤਾ ਗਿਆ, ਜਿਸ ਕਾਰਨ ਉਸ ਦੀ ਸਮਾਜਿਕ ਬਦਨਾਮੀ ਹੋਈ।
ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮ ਨੇ ਉਸ ’ਤੇ 8 ਲੱਖ 50 ਹਜ਼ਾਰ ਰੁਪਏ ਉਧਾਰ ਲੈਣ ਦਾ ਝੂਠਾ ਇਲਜ਼ਾਮ ਲਗਾ ਕੇ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ। ਉਸ ਦੇ ਅਨੁਸਾਰ ਇਸ ਮਾਮਲੇ ਨੂੰ ਸੁਲਝਾਉਣ ਲਈ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ 'ਚ ਮੁਲਜ਼ਮ ਨੂੰ ਬੁਲਾਇਆ ਗਿਆ ਸੀ ਪਰ ਉਹ ਉੱਥੇ ਵੀ ਪੇਸ਼ ਨਹੀਂ ਹੋਇਆ। ਪੀੜਤਾ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ 22 ਜੂਨ ਨੂੰ ਜਦੋਂ ਉਹ ਪਿੰਡ ਦੇ ਬੱਸ ਅੱਡੇ ’ਤੇ ਫਰੀਦਕੋਟ ਜਾਣ ਲਈ ਖੜ੍ਹੀ ਸੀ ਤਾਂ ਮੁਲਜ਼ਮ ਉੱਥੇ ਆ ਗਿਆ। ਦੋਸ਼ ਹੈ ਕਿ ਮੁਲਜ਼ਮ ਨੇ ਉਸ ਨੂੰ ਰਸਤੇ 'ਚ ਰੋਕ ਕੇ ਘੇਰ ਲਿਆ ਅਤੇ ਉਸ ਨਾਲ ਕਥਿਤ ਤੌਰ ’ਤੇ ਗਲਤ ਹਰਕਤਾਂ ਕੀਤੀਆਂ। ਔਰਤ ਵੱਲੋਂ ਵਿਰੋਧ ਕਰਨ ’ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।
ਸ਼ਿਕਾਇਤ ਅਨੁਸਾਰ ਮੁਲਜ਼ਮ ਦੀਆਂ ਕਥਿਤ ਹਰਕਤਾਂ ਅਤੇ ਬਦਨਾਮੀ ਕਾਰਨ ਪੀੜਤਾ ਇੰਨੀ ਮਾਨਸਿਕ ਤੌਰ ’ਤੇ ਪ੍ਰਭਾਵਿਤ ਹੋਈ ਕਿ ਉਸ ਨੇ ਸਦਮੇ 'ਚ ਆ ਕੇ ਜ਼ਹਿਰੀਲੀ ਦਵਾਈ ਪੀ ਲਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਸਬੰਧੀ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਸਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
