ਕਾਰ ’ਚੋਂ ਹੈਰੋਇਨ ਸਮੇਤ 2 ਕਾਬੂ, ਪੁਲਸ ਨੇ ਦਰਜ ਕੀਤਾ ਮਾਮਲਾ

Monday, Jun 22, 2026 - 05:14 PM (IST)

ਕਾਰ ’ਚੋਂ ਹੈਰੋਇਨ ਸਮੇਤ 2 ਕਾਬੂ, ਪੁਲਸ ਨੇ ਦਰਜ ਕੀਤਾ ਮਾਮਲਾ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਨਸ਼ਾ ਸਮੱਗਲਰਾਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਸ ਨੂੰ ਉਸ ਵੇਲੇ ਇਕ ਵੱਡੀ ਸਫ਼ਲਤਾ ਮਿਲੀ ਜਦੋਂ ਮਲੋਟ- ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਚੈਕਿੰਗ ਦੌਰਾਨ ਇਕ ਚਿੱਟੇ ਰੰਗ ਦੀ ਵਰਨਾ ਕਾਰ ’ਚੋਂ ਨਸ਼ੀਲਾ ਪਦਾਰਥ (ਹੈਰੋਇਨ) ਬਰਾਮਦ ਕਰ ਕੇ 2 ਨੌਜਵਾਨਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿਚ ਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਸੇਮਨਾਲਾ, ਬਿਜਲੀ ਘਰ ਦੇ ਸਾਹਮਣੇ ਮੌਜੂਦ ਸੀ। ਇਸੇ ਦੌਰਾਨ ਪਿੰਡ ਰੁਪਾਣਾ ਵੱਲੋਂ ਆ ਰਹੀ ਇਕ ਚਿੱਟੇ ਰੰਗ ਦੀ ਵਰਨਾ ਕਾਰ (ਨੰਬਰ: ਡੀ. ਐੱਲ. 7 ਸੀ. ਟੀ. 1187) ਨੂੰ ਜਦੋਂ ਪੁਲਸ ਨੇ ਰੁਕਣ ਦਾ ਇਸ਼ਾਰਾ ਕੀਤਾ, ਤਾਂ ਡਰਾਈਵਰ ਨੇ ਘਬਰਾ ਕੇ ਗੱਡੀ ਨੂੰ ਪਿੱਛੇ ਮੋੜਨ ਜਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਰਮਚਾਰੀਆਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਕਾਰ ਨੂੰ ਘੇਰ ਕੇ ਰੋਕ ਲਿਆ।

ਕਾਰ ਵਿਚ ਦੋ ਨੌਜਵਾਨ ਸਵਾਰ ਸਨ। ਸ਼ੱਕ ਹੋਣ ’ਤੇ ਜਦੋਂ ਪੁਲਸ ਵੱਲੋਂ ਗੱਡੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਤਾਂ ਕਾਰ ਦੇ ਗੇਅਰ ਲੀਵਰ ਕੋਲੋਂ ਇਕ ਚਿੱਟੇ ਰੰਗ ਦੇ ਮੋਮੀ ਕਾਗਜ਼ (ਲਿਫ਼ਾਫ਼ੇ) ਵਿਚ ਲਪੇਟਿਆ ਹੋਇਆ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਵੱਲੋਂ ਮੌਕੇ ’ਤੇ ਹੀ ਨਾਰਕੋਟਿਕ ਡਰੱਗ ਡਿਟੈਕਸ਼ਨ ਕਿੱਟ ਰਾਹੀਂ ਕੈਮੀਕਲ ਟੈਸਟ ਕੀਤਾ ਗਿਆ, ਜਿਸ ਵਿਚ ਇਸ ਪਦਾਰਥ ਦੇ ‘ਹੈਰੋਇਨ’ ਹੋਣ ਦੀ ਪੁਸ਼ਟੀ ਹੋਈ। ਬਰਾਮਦ ਕੀਤੀ ਗਈ ਹੈਰੋਇਨ ਦਾ ਕੁੱਲ ਵਜ਼ਨ 03 ਗ੍ਰਾਮ 500 ਮਿਲੀਗ੍ਰਾਮ ਦੱਸਿਆ ਜਾ ਰਿਹਾ ਹੈ।

ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦੀ ਪਛਾਣ ਪ੍ਰਿੰਸ ਉਰਫ਼ ਪਾਰਸ ਪੁੱਤਰ ਸਚਿਨ ਕੁਮਾਰ (ਵਾਸੀ ਬੈਟਾਬਾਦ, ਵਾਰਡ ਨੰਬਰ 12, ਗਿੱਦੜਬਾਹਾ) – ਜੋ ਕਾਰ ਦੀ ਡਰਾਈਵਰ ਸੀਟ ’ਤੇ ਬੈਠਾ ਸੀ ਅਤੇ ਰਜਤ ਕੁਮਾਰ ਪੁੱਤਰ ਰਾਜੇਸ਼ ਕੁਮਾਰ (ਵਾਸੀ ਗੋਨੇਆਣਾ ਰੋਡ, ਗਲੀ ਨੰਬਰ 06)-ਜੋ ਕੰਡਕਟਰ ਸੀਟ ’ਤੇ ਸਵਾਰ ਸੀ , ਵਜੋਂ ਹੋਈ ਹੈ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਹ ਇਹ ਨਸ਼ਾ ਕਿੱਥੋਂ ਲੈ ਕੇ ਆਏ ਸਨ ਅਤੇ ਅੱਗੇ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ।


author

Gurminder Singh

Content Editor

Related News