ਅਰਸ਼ ਡਾਲਾ ਗੈਂਗ ਦੇ ਖ਼ਤਰਨਾਕ ਗੈਂਗਸਟਰ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ

Saturday, Jun 20, 2026 - 05:15 PM (IST)

ਅਰਸ਼ ਡਾਲਾ ਗੈਂਗ ਦੇ ਖ਼ਤਰਨਾਕ ਗੈਂਗਸਟਰ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਫਰੀਦਕੋਟ (ਜਗਤਾਰ) : ਫਰੀਦਕੋਟ ਪੁਲਸ ਵੱਲੋਂ ਅਰਸ਼ ਡਾਲਾ ਗਿਰੋਹ ਦੇ 2 ਗੁਰਗਿਆਂ ਨੂੰ ਕਾਬੂ ਕਰਕੇ ਕਿਸੇ ਸੰਭਾਵਿਤ ਵੱਡੀ ਵਾਰਦਾਤ ਨੂੰ ਰੋਕਣ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਕੀਤੀ ਤਾਂ ਦੋਸ਼ੀਆਂ ਪਾਸੋਂ 1 ਵਿਦੇਸ਼ੀ ਪਿਸਟਲ .30 ਬੋਰ ਬਰੇਟਾ ਸਮੇਤ 2 ਰੋਂਦ ਅਤੇ 1 ਵਿਦੇਸ਼ੀ ਪਿਸਟਲ ਗਲੋਕ 9 ਐਮ.ਐਮ ਸਮੇਤ 2 ਰੋਂਦ ਬਰਾਮਦ ਕੀਤੇ ਗਏ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਉਪਜਿੰਦਰ ਸਿੰਘ ਉਰਫ ਗਗਨਾ (ਵਾਸੀ ਪਿੰਡ ਪੰਜਗਰਾਈਂ ਕਲਾ, ਫਰੀਦਕੋਟ) ਅਤੇ ਤਲਵਿੰਦਰ ਸਿੰਘ ਉਰਫ ਹੈਪੀ (ਵਾਸੀ ਪਿੰਡ ਕਰਮਗੜ੍ਹ ਜ਼ਿਲਾ ਬਰਨਾਲਾ) ਵਜੋਂ ਹੋਈ ਹੈ।ਸ਼ੁਰੂਆਤੀ ਜਾਂਚ ਦੌਰਾਨ ਗ੍ਰਿਫਤਾਰ ਵਿਅਕਤੀਆਂ ਦੇ ਸਬੰਧ ਅਰਸ਼ ਡਾਲਾ ਗੈਂਗ ਨਾਲ ਸਬੰਧਤ ਨਵਜੋਤ ਸਿੰਘ ਉਰਫ ਨੀਟੂ ਨਾਲ ਸਾਹਮਣੇ ਆਏ ਹਨ, ਜੋ ਕਿ ਕੇਂਦਰੀ ਜੇਲ, ਫਰੀਦਕੋਟ ਅੰਦਰ ਬੰਦ ਸੀ, ਜਿਸ ਨੂੰ ਕਿ ਪੁਲਸ ਟੀਮ ਵੱਲੋਂ ਪ੍ਰੋਡਕਸ਼ਨ ਵਾਰੰਟ ਹਾਸਿਲ ਕੀਤਾ ਗਿਆ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। 

ਇਸ ਬਾਰੇ ਜਾਣਕਾਰੀ ਦਿੰਦੇ ਅਵਤਾਰ ਸਿੰਘ ਡੀ.ਐਸ.ਪੀ (ਇਨਵੈਸਟੀਗੇਸ਼ਨ) ਨੇ ਦੱਸਿਆ ਕਿ ਸੀ.ਆਈ.ਏ ਸਟਾਫ ਦੀਆਂ ਟੀਮਾਂ ਨੇ ਅਹਿਮ ਭੂਮਿਕਾ ਨਿਭਾਈ ਗਈ ਹੈ। ਫਰੀਦਕੋਟ ਪੁਲਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਨਾਲ ਕਿਸੇ ਸੰਭਾਵਿਤ ਵੱਡੀ ਵਾਰਦਾਤ ਨੂੰ ਰੋਕਣ ਵਿਚ ਸਫਲਤਾ ਹਾਸਲ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗ੍ਰਿਫਤਾਰ ਵਿਅਕਤੀਆਂ ਉਪਜਿੰਦਰ ਸਿੰਘ ਉਰਫ ਗਗਨਾ ਅਤੇ ਤਲਵਿੰਦਰ ਸਿੰਘ ਉਰਫ ਹੈਪੀ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ, ਇਹਨਾ ਦੇ ਖਿਲਾਫ ਇਸ ਤੋ ਪਹਿਲਾ ਅਸਲਾ ਐਕਟ, ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਵਾ ਤਹਿਤ ਕੁੱਲ 7 ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਦੋਸ਼ੀ ਨਵਜੋਤ ਸਿੰਘ ਉਰਫ ਨੀਟੂ ਖਿਲਾਫ ਵੀ ਕਈ ਸੰਗੀਨ ਧਾਰਾਵਾ ਤਹਿਤ ਕੁੱਲ 7 ਮਾਮਲੇ ਦਰਜ ਹਨ। ਇਸ ਸਬੰਧ ਵਿਚ ਥਾਣਾ ਸਦਰ ਕੋਟਕਪੂਰਾ ਵਿਖੇ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਇਸ ਤੋਂ ਇਲਾਵਾ ਮਿਤੀ 13 ਜੂਨ ਨੂੰ ਜ਼ਿਲ੍ਹਾ ਮੋਗਾ ਨਾਲ ਸਬੰਧਤ ਜਸਪਾਲ ਸਿੰਘ ਉਰਫ਼ ਪਾਲੂ ਨੂੰ ਕਾਬੂ ਕਰਕੇ ਉਸ ਪਾਸੋਂ 101 ਗ੍ਰਾਮ ਹੈਰੋਇਨ, 1 ਦੇਸੀ ਪਿਸਟਲ .32 ਬੋਰ ਸਮੇਤ ਮੈਗਜ਼ੀਨ ਅਤੇ 2 ਜਿੰਦਾ ਰੋਂਦ .32 ਬੋਰ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 114 ਮਿਤੀ 13.06.2026 ਅਧੀਨ ਧਾਰਾ 21(ਬੀ)/61/85 ਐਨ.ਡੀ.ਪੀ.ਐਸ. ਐਕਟ ਅਤੇ 25/54/59 ਅਸਲਾ ਐਕਟ ਤਹਿਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸੇ ਤਰ੍ਹਾਂ ਮਿਤੀ 12 ਜੂਨ ਨੂੰ ਤਰਨਤਾਰਨ ਜ਼ਿਲ੍ਹੇ ਦੇ ਰਿਹਾਇਸ਼ੀ ਸਰੂਪ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 1 ਦੇਸੀ ਪਿਸਟਲ .32 ਬੋਰ ਸਮੇਤ 3 ਜਿੰਦਾ ਰੌਂਦ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 271 ਮਿਤੀ 12.06.2026 ਅਧੀਨ ਧਾਰਾ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਫਰੀਦਕੋਟ ਪੁਲਿਸ ਵੱਲੋਂ ਇਹਨਾਂ ਮਾਮਲਿਆਂ ਵਿਚ ਬੈਕਵਰਡ ਅਤੇ ਫਾਰਵਰਡ ਲਿੰਕਾ ਨੂੰ ਜੋੜਨ ਲਈ ਹੋਰ ਬਾਰੀਕੀ ਨਾਲ ਜਾਂਚ ਜਾਰੀ ਹੈ, ਜਿਸ ਦੌਰਾਨ ਅਗਲੇ ਦਿਨਾਂ ਵਿਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।


author

Gurminder Singh

Content Editor

Related News