ਪੈਸਿਆਂ ਦੇ ਨਾਲ-ਨਾਲ ਟੱਬਰ ਦੇ ਅਧਾਰ, ਰਾਸ਼ਨ ਤੇ 10 ਲੱਖ ਵਾਲਾ ਹੈਲਥ ਕਾਰਡ ਵੀ ਲੈ ਗਏ ਚੋਰ
Monday, Jun 29, 2026 - 05:48 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਬਾਈਪਾਸ ਸਥਿਤ ਚੱਕ ਰਾਮ ਨਗਰ ਬਸਤੀ ਵਿਚ ਚੋਰਾਂ ਵੱਲੋਂ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਾ-ਮਾਲੂਮ ਚੋਰ ਘਰ ਵਿਚੋਂ ਹਜ਼ਾਰਾਂ ਦੀ ਨਗਦੀ ਅਤੇ ਬੇਹੱਦ ਜ਼ਰੂਰੀ ਸਰਕਾਰੀ ਦਸਤਾਵੇਜ਼ ਚੋਰੀ ਕਰਕੇ ਫਰਾਰ ਹੋ ਗਏ ਹਨ।
ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਪੀੜਤ ਰਾਜ ਕੁਮਾਰ ਪੁੱਤਰ ਸੰਪੂਰਨ ਸਿੰਘ, ਵਾਸੀ ਗਲੀ ਨੰਬਰ 06, ਚੱਕ ਰਾਮ ਨਗਰ ਬਸਤੀ ਨੇ ਦੱਸਿਆ ਕਿ ਮਿਤੀ 23 ਅਤੇ 24 ਜੂਨ 2026 ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਵਿਚ ਦਾਖਲ ਹੋਏ। ਚੋਰ ਘਰ ਅੰਦਰ ਪਈ 20,000 ਰੁਪਏ ਦੀ ਨਗਦੀ ਸਮੇਤ ਬੱਚਿਆਂ ਦੇ ਆਧਾਰ ਕਾਰਡ, ਰਾਸ਼ਨ ਕਾਰਡ ਅਤੇ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲਾ ਸਰਕਾਰੀ ਕਾਰਡ (ਸਿਹਤ ਬੀਮਾ ਕਾਰਡ) ਚੋਰੀ ਕਰਕੇ ਲੈ ਗਏ।
ਇਸ ਘਟਨਾ ਸਬੰਧੀ ਪੀੜਤ ਵੱਲੋਂ ਦਿੱਤੀ ਦਰਖਾਸਤ ਦੇ ਅਧਾਰ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਤਫਤੀਸ਼ ਹੌਲਦਾਰ ਹਰਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਚੋਰਾਂ ਦੀ ਭਾਲ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
