ਸ੍ਰੀ ਮੁਕਤਸਰ ਸਾਹਿਬ ਪੁਲਸ ਦੀ ਵੱਡੀ ਕਾਮਯਾਬੀ: 2 ਲੱਖ ਦੀ ਚੋਰੀ ਦਾ ਮਾਮਲਾ ਟਰੇਸ; 3 ਮੁਲਜ਼ਮ ਕਾਬੂ
Saturday, Jun 20, 2026 - 02:12 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਜ਼ਿਲ੍ਹੇ ਅੰਦਰ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਸ ਨੇ ਇਕ ਮਹਿਲਾ ਦੀ ਸਕੂਟਰੀ ਦੀ ਡਿੱਗੀ ਵਿਚੋਂ 2 ਲੱਖ ਰੁਪਏ ਚੋਰੀ ਹੋਣ ਦੇ ਮਾਮਲੇ ਨੂੰ ਮਹਿਜ਼ ਦੋ ਦਿਨਾਂ ਅੰਦਰ ਟਰੇਸ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੀ ਰਕਮ ਵਿਚੋਂ 1,51,500 ਰੁਪਏ ਦੀ ਨਕਦੀ ਅਤੇ 3 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਐੱਸ.ਐੱਸ.ਪੀ. ਅਭਿਮੰਨਿਊ ਰਾਣਾ (IPS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਪੀ. (ਡੀ) ਮਨਮੀਤ ਢਿੱਲੋਂ ਤੇ ਡੀ.ਐੱਸ.ਪੀ. ਬਚਨ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਿਟੀ ਮੁਖੀ ਇੰਸਪੈਕਟਰ ਰਵਿੰਦਰ ਕੌਰ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਇਹ ਸਫਲ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਕ ਮਹਿਲਾ ਐੱਸ.ਬੀ.ਆਈ. ਬੈਂਕ ਤੋਂ 2 ਲੱਖ ਰੁਪਏ ਦੀ ਨਕਦੀ ਕਢਵਾ ਕੇ ਆਪਣੀ ਸਕੂਟਰੀ ਦੀ ਡਿੱਗੀ ਵਿੱਚ ਰੱਖ ਕੇ ਸਬਜ਼ੀ ਮੰਡੀ ਨੇੜੇ ਖਰੀਦਦਾਰੀ ਕਰਨ ਗਈ ਸੀ। ਇਸੇ ਦੌਰਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨ ਸਕੂਟਰੀ ਦੀ ਡਿੱਗੀ ਖੋਲ੍ਹ ਕੇ ਉਸ ਵਿਚੋਂ ਨਕਦੀ ਅਤੇ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 18 ਜੂਨ 2026 ਨੂੰ ਮੁਕੱਦਮਾ ਨੰਬਰ 176, ਅਧੀਨ ਧਾਰਾ 303(2) BNS ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਸਿਟੀ ਅਤੇ ਸਪੈਸ਼ਲ ਸੈੱਲ ਦੀਆਂ ਸਾਂਝੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਪੁਲਿਸ ਨੇ ਤਕਨੀਕੀ ਸਰੋਤਾਂ ਅਤੇ ਗੁਪਤ ਸੂਚਨਾਵਾਂ ਦੇ ਆਧਾਰ 'ਤੇ ਮੁਸਤੈਦੀ ਦਿਖਾਉਂਦੇ ਹੋਏ ਤਿੰਨਾਂ ਮੁਲਜ਼ਮਾਂ ਨੂੰ ਦਬੋਚ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਛਿੰਦਰੀ ਪੁੱਤਰ ਜਗਜੀਤ ਸਿੰਘ, ਸਹਿਨਸ਼ਾਹ ਸਿੰਘ ਉਰਫ਼ ਛੰਨੋ ਪੁੱਤਰ ਹਰਤੇਜ ਸਿੰਘ,
ਗੁਰਨਿਸ਼ਾਨ ਸਿੰਘ ਉਰਫ਼ ਬੂਟਾ ਪੁੱਤਰ ਰੂਪ ਸਿੰਘ ਵਜੋਂ ਹੋਈ ਹੈ, ਜੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਹੂੜਿਆਵਾਲੀ ਦੇ ਰਹਿਣ ਵਾਲੇ ਹਨ।
ਪੁਲਸ ਮੁਤਾਬਕ ਫੜੇ ਗਏ ਮੁਲਜ਼ਮਾਂ ਵਿਚੋਂ ਗੁਰਨਿਸ਼ਾਨ ਸਿੰਘ ਉਰਫ਼ ਬੁੱਟਾ ਇਕ ਪੇਸ਼ੇਵਰ ਅਪਰਾਧੀ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ (ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ) ਵਿਚ ਜੇਲ੍ਹ ਐਕਟ ਅਤੇ ਐੱਨ.ਡੀ.ਪੀ.ਐੱਸ. (ਨਸ਼ਾ ਤਸਕਰੀ) ਐਕਟ ਤਹਿਤ 5 ਗੰਭੀਰ ਮੁਕੱਦਮੇ ਦਰਜ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ₹1,51,500/- ਦੀ ਨਕਦੀ ਅਤੇ 03 ਮੋਬਾਈਲ ਫੋਨ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਪੁੱਛਗਿੱਛ ਦੌਰਾਨ ਹੋਰ ਵੀ ਕਈ ਚੋਰੀ ਦੀਆਂ ਵਾਰਦਾਤਾਂ ਅਤੇ ਇਨ੍ਹਾਂ ਦੇ ਬਾਕੀ ਸਾਥੀਆਂ ਬਾਰੇ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।
