ਪੁਲਸ ਦੀ ਮੁਸਤੈਦੀ: ਚੈਕਿੰਗ ਦੌਰਾਨ 4 ਨੌਜਵਾਨ ਹੈਰੋਇਨ ਅਤੇ ਨਸ਼ੇ ਦੇ ਸਾਮਾਨ ਸਮੇਤ ਕਾਬੂ

Tuesday, Jun 23, 2026 - 05:06 PM (IST)

ਪੁਲਸ ਦੀ ਮੁਸਤੈਦੀ: ਚੈਕਿੰਗ ਦੌਰਾਨ 4 ਨੌਜਵਾਨ ਹੈਰੋਇਨ ਅਤੇ ਨਸ਼ੇ ਦੇ ਸਾਮਾਨ ਸਮੇਤ ਕਾਬੂ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਇਲਾਕੇ ਵਿਚ ਨਸ਼ਾ ਤਸਕਰਾਂ ਅਤੇ ਸ਼ੱਕੀ ਪੁਰਸ਼ਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਪੁਲਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗਸ਼ਤ ਦੌਰਾਨ ਚਾਰ ਨੌਜਵਾਨਾਂ ਨੂੰ ਹੈਰੋਇਨ ਅਤੇ ਹੋਰ ਨਸ਼ੀਲੇ ਸਾਮਾਨ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਗਸ਼ਤ ਦੌਰਾਨ ਹੋਈ ਗ੍ਰਿਫ਼ਤਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਹੌਲਦਾਰ ਵਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਪਿੰਡ ਸੰਗੂਧੋਣ ਵੱਲ ਜਾ ਰਹੀ ਸੀ। ਪੁਲਿਸ ਪਾਰਟੀ ਪਿੰਡ ਚੱਕ ਬੀੜ ਸਰਕਾਰ ਦੇ ਰਕਬੇ ਵਿਚ ਪੈਂਦੇ ਸੂਏ ਦੇ ਪੁੱਲ ਕੋਲ ਪੁੱਜੀ ਤਾਂ ਨਹਿਰ ਦੇ ਕੰਢੇ ਚਾਰ ਮੋਨੇ ਨੌਜਵਾਨ ਸ਼ੱਕੀ ਹਾਲਤ ਵਿਚ ਬੈਠੇ ਦਿਖਾਈ ਦਿੱਤੇ। ਪੁਲਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਪੁਲਸ ਵੱਲੋਂ ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਚਾਰੋਂ ਨੌਜਵਾਨਾਂ ਦੀ ਪਛਾਣ ਗੁਰਬਾਜ ਸਿੰਘ ਉਰਫ਼ ਸੀਪਾ (ਪੁੱਤਰ ਜੱਸਾ ਸਿੰਘ, ਪੋਤਰਾ ਮੋਹਨ ਸਿੰਘ ਗਿਆਨੀ), ਜਸਪ੍ਰੀਤ ਸਿੰਘ ਉਰਫ਼ ਜਸ਼ਨ (ਪੁੱਤਰ ਧਰਮਿੰਦਰ ਸਿੰਘ, ਪੋਤਰਾ ਸੁਰਜੀਤ ਸਿੰਘ), ਸੁਖਪ੍ਰੀਤ ਸਿੰਘ ਉਰਫ਼ ਭੂਸ਼ਣ (ਪੁੱਤਰ ਉਦੇਪਾਲ ਸਿੰਘ ਉਰਫ਼ ਮੰਗਾ, ਪੋਤਰਾ ਕਾਲਾ ਸਿੰਘ) ਅਤੇ ਮਨਪ੍ਰੀਤ ਸਿੰਘ ਉਰਫ਼ ਗਾਂਧੀ (ਪੁੱਤਰ ਗੁਰਮੈਲ ਸਿੰਘ, ਪੋਤਰਾ ਮੱਲ ਸਿੰਘ) ਸਾਰੇ ਹੀ ਵਾਸੀ ਪਿੰਡ ਥਾਂਦੇਵਾਲਾ ਵਜੋਂ ਹੋਈ ਹੈ। ਪੁਲਸ ਪਾਰਟੀ ਵੱਲੋਂ ਜਦੋਂ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿਚੋਂ 3 ਗ੍ਰਾਮ ਹੈਰੋਇਨ, ਸਿਲਵਰ ਪੰਨੀ, 2 ਲਾਈਟਰ ਅਤੇ 1 ਪਾਈਪਨੁਮਾ ਬਣਾਇਆ ਹੋਇਆ 10 ਰੁਪਏ ਦਾ ਨੋਟ ਬਰਾਮਦ ਕੀਤਾ ਹੈ। ਹੌਲਦਾਰ ਵਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਚਾਰੋਂ ਮੁਲਜ਼ਮਾਂ ਖਿਲਾਫ਼ ਨਸ਼ਾ ਵਿਰੋਧੀ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News