10 ਹਜ਼ਾਰ ਯੂਰੋ ਦੀ ਧੋਖਾਦੇਹੀ ਕਰਨ ਵਾਲਾ ਮੁਲਜ਼ਮ  ਦਿੱਲੀ ਤੋਂ ਗ੍ਰਿਫਤਾਰ

01/13/2019 7:28:06 AM

 ਚੰਡੀਗਡ਼੍ਹ, (ਸੰਦੀਪ)- ਮਨੀ ਐਕਸਚੇਂਜ ਕਰਨ ਦਾ ਝਾਂਸਾ ਦੇ ਕੇ ਸ਼ਹਿਰ ਦੇ ਇਕ ਮਨੀ ਐਕਸਚੇਂਜਰ ਕਾਰੋਬਾਰੀ ਵਲੋਂ 10 ਹਜ਼ਾਰ ਯੂਰੋ ਦੀ ਧੋਖਾਦੇਹੀ ਕਰਨ ਦੇ ਮਾਮਲੇ ’ਚ ਕ੍ਰਾਈਮ ਬ੍ਰਾਂਚ ਨੇ ਮੁਲਜ਼ਮ  ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ  ਦੀ ਪਛਾਣ ਉਡ਼ੀਸਾ ਨਿਵਾਸੀ ਸਨੀਗਧਾ ਸੌਰਵ ਦਾਸ ਵਜੋਂ ਹੋਈ ਹੈ।  ਕ੍ਰਾਈਮ ਬ੍ਰਾਂਚ ਦੀ ਟੀਮ ਨੇ ਜਾਂਚ ਦੇ ਆਧਾਰ ’ਤੇ ਮੁਲਜ਼ਮ  ਨੂੰ ਦਿੱਲੀ ਕਨਾਟ ਪੈਲੇਸ ਸਥਿਤ ਇਕ ਹੋਟਲ ਤੋਂ ਗ੍ਰਿਫਤਾਰ ਕਰ ਲਿਆ ਹੈ।  ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਧੋਖਾਦੇਹੀ  ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਵਾਇਆ ਰੋਡ ਨੇਪਾਲ ਸਥਿਤ ਗਰਾਂਡ ਕੈਸੀਨੋ ’ਚ ਗਿਆ ਅਤੇ  ਜੂਆ ਖੇਡਣ ਦੀ ਆਦਤ  ਕਾਰਨ  ਧੋਖਾਦੇਹੀ  ਦੇ ਸਾਰੇ ਪੈਸੇ ਉਥੇ ਹਾਰ ਗਿਆ ਸੀ। 
ਕ੍ਰਾਈਮ ਬ੍ਰਾਂਚ ਟੀਮ ਨੇ ਮੁਲਜ਼ਮ  ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜ਼ਿਲਾ ਅਦਾਲਤ ’ਚ ਪੇਸ਼ ਕੀਤਾ ਸੀ, ਜਿਥੇ ਉਸਨੂੰ ਕੇਸ ਦੀ ਜਾਂਚ ਤਹਿਤ 4 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਸੀ ਅਤੇ ਰਿਮਾਂਡ ਦੌਰਾਨ ਹੀ ਪੁਲਸ ਨੇ ਕੇਸ ’ਚ ਸਾਰੇ ਅਹਿਮ ਖੁਲਾਸੇ ਕੀਤੇ ਹਨ। 
ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਐੱਮ. ਟੈੱਕ. ਕੀਤੀ ਹੋਈ ਹੈ, ਜਦੋਂ ਕਿ ਉਸਨੇ ਆਪਣੀ ਐੱਮ. ਬੀ. ਏ. ਦੀ ਪਡ਼੍ਹਾਈ ਗਾਜੀਆਬਾਦ ਦੇ ਆਈ. ਐੱਮ. ਟੀ. ਤੋਂ ਪੂਰੀ ਕੀਤੀ ਹੈ। ਮੁਲਜ਼ਮ  ਚੈਨਲ ਨੈਸ਼ਨਲ ਜਿਊਗ੍ਰਾਫਰਿਕ ’ਚ ਰਿਸਰਚ ਦਾ ਕੰਮ ਕਰਦਾ ਹੈ। ਮੁਲਜ਼ਮ  ਜੂਏ ਦਾ ਸ਼ੌਕੀਨ ਹੈ। ਇਸਦੇ ਲਈ ਉਹ ਹਾਂਗਕਾਂਗ, ਸਿੰਗਾਪੁਰ, ਮਕਾਓ, ਨੇਪਾਲ,  ਗੋਆ ਅਤੇ ਸਿੱਕਿਮ ਆਦਿ ਥਾਵਾਂ ’ਤੇ ਸ਼ੌਕ ਪੂਰਾ ਕਰਦਾ ਹੈ।  ਇਸ ਤੋਂ ਪਹਿਲਾਂ ਦਿੱਲੀ ਪੁਲਸ ਵੀ ਉਸਨੂੰ 2016 ’ਚ 8 ਹਜ਼ਾਰ ਯੂ. ਐੱਸ. ਡਾਲਰ ਦੀ ਧੋਖਾਦੇਹੀ  ਦੇ ਦੋਸ਼ ’ਚ ਗ੍ਰਿਫਤਾਰ ਕਰ ਚੁੱਕੀ ਹੈ।  
 ਇਸ ਤਰ੍ਹਾਂ ਦਿੱਤਾ ਸੀ ਵਾਰਦਾਤ ਨੂੰ ਅੰਜਾਮ 
 ਡੀ. ਐੱਸ. ਪੀ. ਕ੍ਰਾਈਮ ਬ੍ਰਾਂਚ ਪਵਨ ਕੁਮਾਰ ਨੇ ਦੱਸਿਆ ਕਿ ਬੀਤੀ 24 ਦਸੰਬਰ ਨੂੰ ਸੈਕਟਰ-9 ’ਚ ਮਨੀ ਐਕਸਚੇਂਜ ਦਾ ਝਾਂਸਾ ਦੇ ਕੇ ਮੁਲਜ਼ਮ  ਸ਼ਿਕਾਇਤਕਰਤਾ ਜਗਦੀਸ਼ ਚੰਦਰ ਅਤੇ ਕਰਨ ਨਾਲ ਧੋਖਾਦੇਹੀ  ਕਰਦੇ ਹੋਏ ਉਨ੍ਹਾਂ ਦੇ  10 ਹਜ਼ਾਰ ਯੂਰੋ ਲੈ ਕੇ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦਿਨ ਪੁਲਸ ਨੂੰ ਇਸ ਵਾਰਦਾਤ ਬਾਰੇ  ਸੂਚਿਤ ਕੀਤਾ ਸੀ। ਸੈਕਟਰ-3 ਥਾਣਾ ਪੁਲਸ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਮੁਲਜ਼ਮ  ਖਿਲਾਫ ਕੇਸ ਦਰਜ ਕੀਤਾ ਗਿਅਾ ਸੀ, ਜਿਸਤੋਂ ਬਾਅਦ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਅਾ ਸੀ, ਜਿਸਦੀ ਦੇਖ-ਰੇਖ ਇੰਸਪੈਕਟਰ ਅਮਨਜੋਤ ਸਿੰਘ ਨੂੰ ਸੌਂਪੀ ਗਈ ਸੀ। ਪੁਲਸ ਟੀਮ ਨੂੰ ਵਾਰਦਾਤ ਵਾਲੀ ਥਾਂ ਤੋਂ ਮੁਲਜ਼ਮ  ਦਾ ਸੀ. ਸੀ. ਟੀ. ਵੀ. ਫੁਟੇਜ ਬਰਾਮਦ ਵੀ ਹੋਇਆ ਸੀ।  
8 ਜਨਵਰੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਠੱਗੀ ਦਾ ਮੁਲਜ਼ਮ  ਦਿੱਲੀ ਦੇ ਕਨਾਟ ਪੈਲੇਸ ਸਥਿਤ ਹੋਟਲ  ਕੋਲ ਹੈ। ਇਸ ਤੋਂ ਬਾਅਦ ਪੁਲਸ ਟੀਮ ਨੇ ਛਾਪੇਮਾਰੀ ਕਰਕੇ ਮੁਲਜ਼ਮ  ਨੂੰ ਦਬੋਚ ਲਿਆ। ਟੀਮ ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ  ਵਾਰਦਾਤ ਨੂੰ ਅੰਜਾਮ ਦੇ ਕੇ ਉਸੇ ਦਿਨ ਨੇਪਾਲ ਚਲਿਆ ਗਿਆ, ਜਿਥੇ ਉਹ ਗਰਾਂਡ ਕੈਸੀਨੋ ’ਚ ਪੈਸੇ ਹਾਰ ਗਿਆ। ਪੈਸੇ ਖਤਮ ਹੋਣ ਤੋਂ ਬਾਅਦ 2 ਜਨਵਰੀ ਨੂੰ ਵਾਪਸ ਦਿੱਲੀ ਪਹੁੰਚਿਆ। ਮੁਲਜ਼ਮ  ਵਾਰਦਾਤ ਨੂੰ ਅੰਜਾਮ ਦੇਣ ਲਈ ਜਸਟਡਾਇਲ ਤੋਂ ਉਨ੍ਹਾਂ ਦੇ  ਮੋਬਾਈਲ ਨੰਬਰ ਕੱਢਦਾ ਸੀ, ਜਿਨ੍ਹਾਂ ਨੂੰ ਮਨੀ ਐਕਸਚੇਂਜ ਦੀ ਜ਼ਰੂਰਤ ਹੁੰਦੀ ਸੀ। ਇਸ ਤੋਂ ਬਾਅਦ ਮੁਲਜ਼ਮ  ਲੋਕਾਂ ਨੂੰ ਫੋਨ ਕਰਕੇ ਉਨ੍ਹਾਂ ਨਾਲ ਜਗ੍ਹਾ ਅਤੇ ਸਮਾਂ ਫਿਕਸ ਕਰਦਾ ਤੇ ਫਿਰ ਗਾਹਕ ਆਉਣ ਤੋਂ ਇਕ ਘੰਟਾ ਪਹਿਲਾਂ ਕੈਬਿਨ ਬੁੱਕ ਕਰਾ ਲੈਂਦਾ। ਜਿਵੇਂ ਹੀ ਗਾਹਕ ਉਸ ਕੋਲ ਆਉਂਦੇ, ਉਨ੍ਹਾਂ ਨੂੰ ਐਕਸਚੇਂਜ ਦਾ ਝਾਂਸਾ ਦੇ ਕੇ ਪੈਸੇ ਲੈ ਕੇ ਫਰਾਰ ਹੋ ਜਾਂਦਾ ਸੀ।  
 2 ਹਜ਼ਾਰ ਰੁਪਏ ’ਚ ਇਕ ਘੰਟੇ ਲਈ ਹਾਇਰ ਕੀਤਾ ਸੀ ਕੈਬਿਨ   
 ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮ  ਕੁਝ ਘੰਟਿਆਂ ਲਈ ਕੈਬਿਨ ਕਿਰਾਏ ’ਤੇ ਲੈ ਲੈਂਦਾ ਸੀ। ਸੈਕਟਰ-9 ’ਚ ਵੀ ਮੁਲਜ਼ਮ  ਨੇ ਬਿਲਕੁੱਲ ਇਸੇ ਤਰ੍ਹਾਂ  ਇਕ ਘੰਟੇ ਲਈ ਕੈਬਿਨ ਕਿਰਾਏ ’ਤੇ ਲਿਆ ਸੀ, ਜਿਸ ਬਦਲੇ ਉਸਨੇ ਕੈਬਿਨ ਦੇ ਮਾਲਕ  ਨੂੰ 2 ਹਜ਼ਾਰ ਰੁਪਏ ਦਿੱਤੇ ਸਨ। ਉਸਨੇ ਆਪਣੇ ਪਲਾਨ ਤਹਿਤ ਹੀ ਸ਼ਿਕਾਇਤਕਰਤਾ ਜਗਦੀਸ਼ ਨੂੰ ਕਾਲ ਕਰਕੇ ਕਿਹਾ ਸੀ ਕਿ ਜੇਕਰ ਉਹ ਮਨੀ ਐਕਸਚੇਂਜ ਕਰਨਾ ਚਾਹੁੰਦਾ ਹੈ ਤਾਂ ਸੈਕਟਰ-9 ’ਚ ਉਸਨੂੰ ਉਸਦੇ ਕੈਬਿਨ ’ਚ ਆ ਕੇ ਮਿਲੇ। ਜਗਦੀਸ਼ ਅਤੇ ਉਸਦਾ ਸਾਥੀ ਨਿਰਧਾਰਤ ਕੀਤੇ ਗਏ ਸਮੇਂ ’ਤੇ ਉਸਦੇ ਕੈਬਿਨ ’ਚ 10 ਹਜ਼ਾਰ ਯੂਰੋ ਲੈ ਕੇ ਪਹੁੰਚੇ। ਇਸ ਤੋਂ ਬਾਅਦ ਉਸਨੇ ਨਾਲ ਵਾਲੇ ਕੈਬਿਨ ’ਚੋਂ ਉਨ੍ਹਾਂ ਨੂੰ ਇੰਡੀਅਨ ਕਰੰਸੀ ਲਿਆ ਕੇ ਦੇਣ ਦੀ ਗੱਲ ਕਹੀ ਅਤੇ ਉਸ ਕੈਬਿਨ ’ਚੋਂ ਨਿਕਲ ਗਿਅਾ   ਤੇ ਵਾਪਸ ਨਹੀਂ ਆਇਆ । ਜਦੋਂ ਜਗਦੀਸ਼ ਤੇ ਉਸਦੇ ਸਾਥੀ ਨੂੰ ਉਸ ’ਤੇ ਸ਼ੱਕ ਹੋਇਆ ਸੀ ਤਾਂ ਉਨ੍ਹਾਂ ਨੇ ਇਸ ਗੱਲ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।  


Related News