ਬਾਰਡਰ ਰੇਂਜ ''ਚ ਪੁਲਸ ਦੀ ਵੱਡੀ ਕਾਰਵਾਈ, ਇਨ੍ਹਾਂ ਜ਼ਿਲ੍ਹਿਆਂ ''ਚ ਹਥਿਆਰ ਤੇ ਨਸ਼ੀਲੇ ਪ੍ਰਦਾਰਥ ਨਾਲ 197 ਗ੍ਰਿਫ਼ਤਾਰ

04/18/2024 6:30:53 PM

ਅੰਮ੍ਰਿਤਸਰ(ਇੰਦਰਜੀਤ)-ਪਿਛਲੇ 10 ਦਿਨਾਂ ਦੀ ਕਾਰਵਾਈ ਦੌਰਾਨ ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਨੇ ਬਾਰਡਰ ਰੇਂਜ ਅਧੀਨ ਆਉਂਦੇ ਸਮੂਹ ਪੁਲਸ ਜ਼ਿਲਿਆਂ ਦੇ ਅੰਦਰੂਨੀ ਅਤੇ ਬਾਹਰੀ ਖੇਤਰਾਂ ਵਿਚ ਭਾਰੀ ਛਾਪੇਮਾਰੀ ਕਰਦੇ ਹੋਏ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਤੋੜ ਦਿੱਤੀ ਅਤੇ ਕਈ ਥਾਵਾਂ ’ਤੇ ਛਾਪੇਮਾਰੀ ਕਰ ਕੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਦੌਰਾਨ ਉਨ੍ਹਾਂ ਸ਼ਹਿਰੀ ਖੇਤਰਾਂ ਤੋਂ ਇਲਾਵਾ ਬਾਹਰੀ ਖੇਤਰਾਂ ਅਤੇ ਸੁੰਨਸਾਨ ਥਾਵਾਂ ’ਤੇ ਵੀ ਆਪਣੀ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ​​ਕੀਤਾ ਤਾਂ ਜੋ ਅਮਨ-ਕਾਨੂੰਨ ਦੇ ਮਾਮਲੇ ਵਿਚ ਕਿਸੇ ਕਿਸਮ ਦੀ ਕੋਈ ਕੁਤਾਹੀ ਜਾਂ ਕਮੀ ਨਾ ਰਹਿ ਸਕੇ। ਲੋਕਾਂ ਵਿਚ ਵਿਸ਼ਵਾਸ਼ ਪੈਦਾ ਕਰਨ ਲਈ ਪੁਲਸ ਰਾਹੀਂ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਜੇਕਰ ਕੋਈ ਕਿਸੇ ਕਿਸਮ ਦੀ ਜਾਣਕਾਰੀ ਦਿੰਦਾ ਹੈ ਤਾਂ ਉਸ ਦਾ ਨਾਮ ਹਰ ਤਰ੍ਹਾਂ ਨਾਲ ਗੁਪਤ ਰੱਖਿਆ ਜਾਵੇ। ਦੱਸਿਆ ਜਾਂਦਾ ਹੈ ਕਿ ਇਸ ਵਾਰ ਆਮ ਲੋਕਾਂ ਨੇ ਵੀ ਪੁਲਸ ਨੂੰ ਪੂਰਾ ਸਹਿਯੋਗ ਦਿੱਤਾ।

ਬਾਰਡਰ ਰੇਂਜ ਦੇ ਆਈ. ਪੀ. ਐੱਸ. ਅਧਿਕਾਰੀ ਡੀ. ਆਈ. ਜੀ. ਰਾਕੇਸ਼ ਕੌਸ਼ਲ ਨੇ ਚੋਣ ਕਮਿਸ਼ਨ ਅਤੇ ਡੀ. ਜੀ. ਪੀ. ਦੀਆਂ ਹਦਾਇਤਾਂ ’ਤੇ ਬਾਰਡਰ ਰੇਂਜ ਦੇ ਚਾਰ ਪੁਲਸ ਜ਼ਿਲ੍ਹਿਆਂ ਅੰਮ੍ਰਿਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਦੇ ਵੱਖ-ਵੱਖ ਥਾਣਿਆਂ ਵਿਚ 112 ਕੇਸ ਦਰਜ ਕਰ ਕੇ ਨਾਜਾਇਜ਼ ਹਥਿਆਰਾਂ, ਨਾਰਕੋ, ਪੀ. ਓ. , ਸ਼ਰਾਬ ਸਮੇਤ 197 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੇਖਣ ਵਿਚ ਆਇਆ ਹੈ ਕਿ ਸ਼ਰਾਬ ਸਮੱਗਲਰਾਂ ਨੇ ਪਿਛਲੇ ਦਿਨੀਂ ਬਾਰਡਰ ਰੇਂਜ ਦੀ ਪੁਲਸ ਨੇ ਗੰਦੇ ਨਾਲਿਆਂ, ਡਰੇਨਾਂ ਅਤੇ ਨਹਿਰਾਂ ਦੇ ਕੰਢਿਆਂ ’ਤੇ ਸ਼ਰਾਬ ਛੁਪਾਉਣ ਲਈ ਅੱਡੇ ਬਣਾਏ ਹੋਏ ਸਨ। ਪੁਲਸ ਨੇ ਇਨ੍ਹਾਂ ਥਾਵਾਂ ’ਤੇ ਛਾਪੇਮਾਰੀ ਕਰਨ ਅਤੇ ਸਮੱਗਲਰਾਂ ਦੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਕਿਸ਼ਤੀਆਂ ਦੀ ਵਰਤੋਂ ਵੀ ਕੀਤੀ। ਇਸ ਵਾਰ ਪਤਾ ਲੱਗਾ ਹੈ ਕਿ ਸਮੱਗਲਰਾਂ ਨੇ ਜ਼ਮੀਨ ਵਿਚ ਖੁਦਾਈ ਕਰ ਕੇ ਭਾਰੀ ਮਾਤਰਾ ਵਿਚ ਸ਼ਰਾਬ ਛੁਪਾ ਕੇ ਰੱਖੀ ਸੀ। ਇਸ ਲਈ ਪੁਲਸ ਨੇ ਵਿਸ਼ੇਸ਼ ਤੌਰ ’ਤੇ ਮਾਹਿਰ ਲੋਕਾਂ ਨੂੰ ਬੁਲਾਇਆ ਸੀ, ਜੋ ਜ਼ਮੀਨ ਵਿਚ ਛੁਪੀ ਹੋਈ ਸ਼ਰਾਬ ਦਾ ਪਤਾ ਲਗਾ ਲੈਂਦੇ ਸਨ।

ਸਕੂਲ ਜਾ ਰਹੇ ਇਕਲੌਤੇ ਪੁੱਤ ਦੀ ਹਾਦਸੇ 'ਚ ਮੌਤ, ਮਰੇ ਪੁੱਤ ਦਾ ਕਦੇ ਪੈਰ ਤੇ ਕਦੇ ਹੱਥ ਚੁੰਮਦਾ ਰਿਹਾ ਪਿਓ

ਜ਼ਿਆਦਾਤਰ ਸ਼ਰਾਬ ਦੇ ਸਮੱਗਲਰ ਸ਼ਰਾਬ ਨੂੰ ਪੱਥਰੀਲੇ ਕਿਨਾਰਿਆਂ ’ਤੇ ਦੱਬ ਦਿੰਦੇ ਹਨ, ਕਿਉਂਕਿ ਇੱਥੋਂ ਦੀ ਜ਼ਮੀਨ ਨਰਮ ਹੁੰਦੀ ਹੈ। ਇਸ ਨੂੰ ਸਟੋਰ ਕਰਨਾ, ਰੱਖਣਾ ਅਤੇ ਖੋਦਣਾ ਆਸਾਨ ਹੈ। ਅਜਿਹੀ ਹੀ ਛੁਪੀ ਹੋਈ ਸ਼ਰਾਬ ਦੇ ਮਾਮਲੇ ਵਿਚ ਵੀ ਪੁਲਸ ਨੂੰ ਸਫ਼ਲਤਾ ਮਿਲੀ ਹੈ। ਡੀ. ਆਈ. ਜੀ. ਬਾਰਡਰ ਰੇਂਜ ਰਾਕੇਸ਼ ਕੌਸ਼ਲ ਨੇ ਸਾਰੇ ਜ਼ਿਲਿਆਂ ਦੇ ਐੱਸ. ਐੱਸ. ਪੀਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ-ਆਪਣੇ ਖੇਤਰਾਂ ਵਿਚ ਨਸ਼ਾ ਵੇਚਣ ਵਾਲੇ ਵਿਅਕਤੀਆਂ ’ਤੇ ਪਕੜ ਬਣਾਈ ਰੱਖਣ ਤਾਂ ਜੋ ਚੋਣਾਂ ਦੇ ਦਿਨਾਂ ਵਿਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

12.89 ਲੱਖ ਮਿ. ਲੀ. ਸ਼ਰਾਬ ਬਰਾਮਦ, 82 ਕੇਸ ਦਰਜ

10 ਦਿਨਾਂ ਦੇ ਥੋੜ੍ਹੇ ਸਮੇਂ ਵਿਚ ਹੀ ਬਾਰਡਰ ਰੇਂਜ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਦੇ ਧੰਦੇ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ 82 ਕੇਸ ਦਰਜ ਕਰ ਕੇ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਹਦਾਇਤ ਕੀਤੀ ਗਈ ਹੈ ਕਿ ਚੋਣਾਂ ਦੇ ਦਿਨਾਂ ਦੌਰਾਨ ਅੰਦਰੂਨੀ ਜਾਂ ਬਾਹਰੀ ਖੇਤਰਾਂ ਤੋਂ ਕਿਸੇ ਵੀ ਕਿਸਮ ਦੀ ਨਾਜਾਇਜ਼ ਸ਼ਰਾਬ ਦੀ ਸਪਲਾਈ ਨਾ ਹੋਣ ਦਿੱਤੀ ਜਾਵੇ, ਕਿਉਂਕਿ ਚੋਣਾਂ ਦੌਰਾਨ ਇਸ ਦੀ ਦੁਰਵਰਤੋਂ ਜਾਂ ਲੜਾਈ-ਝਗੜੇ ਹੋਣ ਦਾ ਖਤਰਾ ਹੈ। ਪੁਲਸ ਟੀਮਾਂ ਨੇ 11.89 ਲੱਖ ਮਿ. ਲੀ. ਨਾਜਾਇਜ਼ ਸ਼ਰਾਬ ਦਾ ਮਟੀਰੀਅਲ ਤੇਜ਼ਾਬ ਬਰਾਮਦ ਕੀਤਾ, ਉਥੇ ਤਿਆਰ ਸ਼ਰਾਬ 1.03 ਲੱਖ ਐੱਮ. ਐੱਲ. ਬਰਾਮਦ ਹੋਈ। ਇਸ ਤੋਂ ਇਲਾਵਾ 9180 ਲੀਟਰ ਲਾਹਣ ਅਤੇ 4 ਚਾਲੂ ਭੱਠੀਆਂ ਬਰਾਮਦ ਕੀਤੀਆ ਹਨ।

ਇਹ ਵੀ ਪੜ੍ਹੋ- ਤਰਨਤਾਰਨ ਤੋਂ ਵੱਡੀ ਖ਼ਬਰ: ਹਸਪਤਾਲ ਤੋਂ ਤੜਕੇ 2 ਵਜੇ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋਇਆ ਰਾਜੂ ਸ਼ੂਟਰ 

1.64 ਕਿਲੋ ਹੈਰੋਇਨ, ਚਰਸ, ਭੁੱਕੀ ਸਮੇਤ ਨਸ਼ੀਲਾ ਪਦਾਰਥ ਬਰਾਮਦ

ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਪੁਲਸ ਨੇ 2.5 ਕਿਲੋ ਚਰਸ, 1 ਕਿਲੋ 644 ਗ੍ਰਾਮ ਹੈਰੋਇਨ, 36.5 ਕਿਲੋ ਭੁੱਕੀ ਅਤੇ 1 ਲੱਖ 28 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲਸ ਨੇ 25 ਕੇਸ ਦਰਜ ਕਰ ਕੇ 34 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਨਾਜਾਇਜ਼ ਹਥਿਆਰਾਂ ਸਮੇਤ 9 ਗ੍ਰਿਫ਼ਤਾਰ

ਇਸ ਦੌਰਾਨ ਬਾਰਡਰ ਰੇਂਜ ਪੁਲਸ ਨੇ 32 ਬੋਰ ਦੇ 4 ਪਿਸਤੌਲ ਅਤੇ ਇੱਕ 9 ਐੱਮ. ਐੱਮ. 4 ਮੈਗਜ਼ੀਨਾਂ ਸਮੇਤ 14 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਪੁਲਸ ਨੇ ਇਨ੍ਹਾਂ ਮਾਮਲਿਆਂ ਵਿਚ 4 ਕੇਸ ਦਰਜ ਕਰ ਕੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸੇਵਾ ਕੇਂਦਰ 'ਚ ਕੰਮ ਕਰਵਾਉਣ ਆਈ ਔਰਤ ਨੂੰ ਨੌਜਵਾਨ ਨੇ ਕਿਰਚਾਂ ਨਾਲ ਵੱਡਿਆ

ਪੁਲਸ ਨੂੰ ਕਈ ਮਾਮਲਿਆਂ ਵਿਚ 72 ਪੀ. ਓ. ਕੀਤੇ ਗ੍ਰਿਫ਼ਤਾਰ

ਬਾਰਡਰ ਰੇਂਜ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ 72 ਭਗੌੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਭਗੌੜਾ ਐਲਾਨਿਆ ਗਿਆ ਸੀ। ਦੱਸਣਯੋਗ ਹੈ ਕਿ ਇਸ ਤੋਂ 15 ਦਿਨ ਪਹਿਲਾਂ 102 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਵੱਖ-ਵੱਖ ਮਾਮਲਿਆਂ ਵਿਚ ਪੁਲਸ ਨੂੰ ਲੋੜੀਂਦੇ ਸਨ।

ਬਾਰਡਰ ਰੇਂਜ ’ਚ ਹੋਏ 84.35 ਫੀਸਦੀ ਹਥਿਆਰ ਇਕੱਠੇ

ਚੋਣਾਂ ਦੇ ਦਿਨਾਂ ਦੌਰਾਨ ਪੁਲਸ ਨੂੰ ਲੋਕਾਂ ਨੂੰ ਹਥਿਆਰ ਜਮ੍ਹਾਂ ਕਰਾਉਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਬਾਰਡਰ ਰੇਂਜ ਪੁਲਸ ਨੇ ਇਸ ਵਿਚ ਮੁਸਤੈਦ ਹੋ ਕੇ 84.35 ਫੀਸਦੀ ਹਥਿਆਰ ਇਕੱਠੇ ਕਰ ਲਏ ਹਨ। ਦੱਸਿਆ ਜਾਂਦਾ ਹੈ ਕਿ ਸਰਹੱਦੀ ਰੇਂਜ ਵਿਚ ਲਾਇਸੈਂਸੀ ਵਿਅਕਤੀਆਂ ਕੋਲ ਕੁੱਲ 51 ਹਜ਼ਾਰ 711 ਹਥਿਆਰ ਮੌਜੂਦ ਹਨ, ਜਿਨ੍ਹਾਂ ਵਿੱਚੋਂ ਪੁਲਸ ਕੋਲ 42638 ਹਥਿਆਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News