ਸ਼ੀਤ ਲਹਿਰ ਨੇ ਛੇੜੀ ਕੰਬਨੀ, ਆਉਣ ਵਾਲੇ ਦਿਨਾਂ ’ਚ 3 ਡਿਗਰੀ ਤੱਕ ਹੋਰ ਡਿੱਗ ਸਕਦਾ ਤਾਪਮਾਨ
Tuesday, Dec 26, 2023 - 01:16 PM (IST)
ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਅੰਦਰ ਅੱਜ ਪਈ ਸੰਘਣੀ ਧੁੰਦ ਨੇ ਜਿੱਥੇ ਜਨਜੀਵਨ ਅਤੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਨਾਲ ਹੀ ਤਾਪਮਾਨ ’ਚ ਆਈ ਗਿਰਾਵਟ ਕਾਰਨ ਠੰਡ ’ਚ ਭਾਰੀ ਵਾਧਾ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਇਸ ਖੇਤਰ ’ਚ ਅੱਜ ਇਸ ਸੀਜ਼ਨ ਦੀ ਸਭ ਤੋਂ ਸੰਘਣੀ ਧੁੰਦ ਪਈ ਹੈ, ਜਿਸ ਕਾਰਨ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲਿਆ ਹੈ। ਅੱਜ ਕੁਝ ਥਾਵਾਂ ’ਤੇ ਧੁੰਦ ਇੰਨੀ ਸੰਘਣੀ ਸੀ ਕਿ ਵਿਜ਼ੀਬਿਲਟੀ 5 ਮੀਟਰ ਤੋਂ ਵੀ ਘੱਟ ਸੀ, ਜਿਸ ਕਾਰਨ ਸੜਕਾਂ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਫਤਿਆਬਾਦ ਦੀ ਸਬਜ਼ੀ ਮੰਡੀ 'ਚ ਕਿਸਾਨ 'ਤੇ ਚਲੀਆਂ ਅਨ੍ਹੇਵਾਹ ਗੋਲੀਆਂ
ਇਸ ਖੇਤਰ ਅੰਦਰ ਦਿਨ ਦਾ ਤਾਪਮਾਨ 19 ਡਿਗਰੀ ਦੇ ਕਰੀਬ ਰਿਹਾ ਜਦੋਂ ਕਿ ਰਾਤ ਦਾ ਤਾਪਮਾਨ 7 ਡਿਗਰੀ ਦੇ ਆਸ ਪਾਸ ਸੀ। ਮੌਸਮ ਵਿਭਾਗ ਅਨੁਸਾਰ ਆਗਾਮੀ ਦੋ ਦਿਨਾਂ ਵਿਚ ਤਾਪਮਾਨ ਵਿਚ 2 ਤੋਂ 3 ਡਿਗਰੀ ਗਿਰਾਵਟ ਆ ਸਕਦੀ ਹੈ, ਨਾਲ ਹੀ ਦੋ ਦਿਨ ਸੰਘਣੀ ਧੁੰਦ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪਹਾੜੀ ਖੇਤਰ ਵਿਚ ਹੋਈ ਹਲਕੀ ਬਰਫ਼ਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ਵਿਚ ਠੰਡ ਵਧੀ ਹੈ।
ਇਹ ਵੀ ਪੜ੍ਹੋ- ਹਰੀਕੇ ਵੈਟਲੈਂਡ ਪੁੱਜੇ ਮਹਿਮਾਨ ਪੰਛੀ, ਦੇਖਣ ਵਾਲਿਆਂ ਦੀਆਂ ਲੱਗੀਆਂ ਰੌਣਕਾਂ, ਹੋਰ ਵੱਧਣ ਦੇ ਹਨ ਆਸਾਰ (ਤਸਵੀਰਾਂ)
ਸਿਹਤ ਵਿਭਾਗ ਨੇ ਲੋਕਾਂ ਨੂੰ ਬਚਾਅ ਕਰਨ ਲਈ ਦਿੱਤੀ ਸਲਾਹ
ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਠੰਡ ਦੇ ਮੌਸਮ ਨੂੰ ਮੁੱਖ ਰੱਖਦਿਆਂ ਅਹਿਮ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਦੀ ਦਾ ਅਸਰ ਬਜ਼ੁਰਗਾਂ ਅਤੇ ਛੋਟੇ ਬੱਚਿਆਂ ’ਤੇ ਜ਼ਿਆਦਾ ਹੁੰਦਾ ਹੈ। ਇਸ ਲਈ ਬਜ਼ੁਰਗ ਅਤੇ ਦਿਲ ਦੇ ਰੋਗਾਂ ਦੇ ਮਰੀਜ਼ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਡ ਅਤੇ ਧੁੰਦ ਹੋਣ ’ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ। ਛੋਟੇ ਬੱਚਿਆਂ ਨੂੰ ਇਸ ਮੌਸਮ ’ਚ ਨਮੋਨੀਆ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਅਤੇ ਠੰਡ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ, ਦਸਤ ਵੀ ਲੱਗ ਸਕਦੇ ਹਨ। ਇਸ ਲਈ ਬੱਚਿਆਂ ਨੂੰ ਪੁਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ’ਤੇ ਟੋਪੀ ਅਤੇ ਪੈਰਾਂ ’ਚ ਜੁਰਾਬਾਂ ਜ਼ਰੂਰ ਪਾਈਆਂ ਜਾਣ।
ਇਹ ਵੀ ਪੜ੍ਹੋ- ਧੁੰਦ ਤੇ ਸਮੋਗ ਦੀ ਚਾਦਰ ’ਚ ਲਿਪਟੀ ਗੁਰੂ ਨਗਰੀ, ਵਿਜ਼ੀਬਿਲਟੀ ਜ਼ੀਰੋ, ਹਾਦਸੇ ਵਧੇ
ਉਨ੍ਹਾਂ ਕਿਹਾ ਕਿ ਬੰਦ ਕਮਰੇ ’ਚ ਅੰਗੀਠੀ ਬਾਲ ਕਦੇ ਵੀ ਅੱਗ ਨਾ ਸੇਕੀ ਜਾਵੇ ਕਿਉਕਿ ਬੰਦ ਕਮਰੇ ’ਚ ਅੰਗੀਠੀ ਬਾਲ ਕੇ ਅੱਗ ਸੇਕਣ ਨਾਲ ਬੰਦ ਕਮਰੇ ’ਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜੋ ਜਾਨਲੇਵਾ ਸਿੱਧ ਸਕਦੀ ਹੈ। ਜਿਹੜੇ ਲੋਕਾਂ ਨੂੰ ਅਸਥਮਾ ਅਤੇ ਸਾਹ ਦੀ ਬਿਮਾਰੀ ਹੈ, ਉਹ ਜ਼ਿਆਦਾ ਠੰਡ ਦੇ ਦਿਨਾਂ ਵਿਚ ਘਰੋਂ ਬਾਹਰ ਜਾਣ ਤੋਂ ਗੁਰੇਜ ਕਰਨ ਅਤੇ ਸੂਪ, ਚਾਹ, ਕਾਫੀ, ਸੰਤੁਲਿਤ ਖੁਰਾਕ ਦਾ ਸੇਵਨ ਕਰਨ। ਸਰੀਰ ’ਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜੇ-ਥੋੜੇ ਸਮੇਂ ਜਾਂ ਲੋੜ ਅਨੁਸਾਰ ਕੋਸਾ ਜਾਂ ਗਰਮ ਗੁਨਗੁਨਾ ਪਾਣੀ ਪੀਤਾ ਜਾਵੇ ਅਤੇ ਸੰਤੁਲਿਤ ਖੁਰਾਕ ਦਾ ਸੇਵਨ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8