ਕਤਲ ਦੇ ਦੋਸ਼ੀ 3 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ
Wednesday, Nov 20, 2024 - 02:32 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਜਨਤਕ ਥਾਂ ’ਤੇ ਪਿਸ਼ਾਬ ਕਰਨ ਤੋਂ ਰੋਕਣ ’ਤੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੁਲਦੀਪ ਉਰਫ਼ ਲਵਕੁਸ਼ ਦੀ ਮੌਤ ਕਾਰਨ ਪਰਿਵਾਰ ਨੂੰ ਹੋਈ ਮਾਨਸਿਕ ਪੀੜਾ ਦੀ ਭਰਪਾਈ ਲਈ ਅਦਾਲਤ ਨੇ 5 ਲੱਖ ਰੁਪਏ ਦੇ ਜੁਰਮਾਨੇ ਦੀ ਰਾਸ਼ੀ ’ਚੋਂ 3 ਲੱਖ ਰੁਪਏ ਉਸ ਦੇ ਕਾਨੂੰਨੀ ਵਾਰਸਾਂ ਨੂੰ ਬਰਾਬਰ ਦੇਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਘਟਨਾ ’ਚ ਜ਼ਖ਼ਮੀ ਹੋਏ ਸ਼ਿਕਾਇਤਕਰਤਾ ਵਿਜੇ ਨੂੰ 1 ਲੱਖ ਰੁਪਏ ਦੇਣ ਦਾ ਵੀ ਹੁਕਮ ਦਿੱਤਾ ਹੈ। ਦਾਇਰ ਮਾਮਲੇ ’ਚ ਜ਼ਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਹੀ 3 ਨੌਜਵਾਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਅਦਾਲਤ ’ਚ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ। ਸਜ਼ਾ ਵਾਲੇ ਦੋਸ਼ੀਆਂ ਦੀ ਪਛਾਣ ਪੁਲਸ ਹਿਰਾਸਤ ’ਚ ਚੱਲ ਰਹੇ ਧਨਾਸ ਦੇ ਈ. ਡਬਲਿਊ. ਐੱਸ. ਕਾਲੋਨੀ ਦੇ ਵਸਨੀਕ ਜੈਇੰਦਰ ਉਰਫ਼ ਅਜੇ, ਸੈਕਟਰ-52 ਨਿਵਾਸੀ ਗੁਲਸ਼ਨ ਉਰਫ਼ ਸੋਨੂੰ ਤੇ ਤੀਜੇ ਦੋਸ਼ੀ ਦੀ ਪਛਾਣ ਮਟੌਰ ਦੇ ਰਹਿਣ ਵਾਲੇ ਰਾਹੁਲ ਉਰਫ਼ ਮਟੌਰੀਆਂ ਵਜੋਂ ਹੋਈ।
ਇਹ ਹੈ ਮਾਮਲਾ
ਸਤੰਬਰ 2018 ਵਿਚ ਧਨਾਸ ਦੇ ਈ. ਡਬਲਿਯੂ. ਐੱਸ. ਦੇ ਰਹਿਣ ਵਾਲੇ 26 ਸਾਲਾ ਵਿਜੇ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ 12 ਤੇ 13 ਸਤੰਬਰ ਦੀ ਰਾਤ ਨੂੰ ਕਰੀਬ ਸਵਾ 11 ਵਜੇ ਉਹ ਆਪਣੇ ਕੁੱਤੇ ਨਾਲ ਘਰ ਦੇ ਬਾਹਰ ਗਲੀ ’ਚ ਟਹਿਲ ਰਿਹਾ ਸੀ। ਉੱਥੇ ਕੁਲਦੀਪ ਆਪਣੇ ਦੋਸਤ ਵਿਜੇ ਨਾਲ ਸੜਕ ’ਤੇ ਖੜ੍ਹਾ ਹੋ ਕੇ ਆਈਸਕ੍ਰੀਮ ਖਾ ਰਿਹਾ ਸੀ। ਰਸਤੇ ’ਚ ਜਨਤਕ ਥਾਂ ’ਤੇ ਪਿਸ਼ਾਬ ਕਰ ਰਹੇ ਨੌਜਵਾਨਾਂ ਨੂੰ ਕੁਲਦੀਪ ਤੇ ਉਸ ਦੇ ਦੋਸਤ ਨੂੰ ਅਜਿਹਾ ਕਰਨ ਤੋਂ ਰੋਕਿਆ।
ਇਸ ’ਤੇ ਦੋਸ਼ੀਆਂ ਨੇ ਕੁਲਦੀਪ ਤੇ ਉਸਦੇ ਦੋਸਤ ਨੇ ਵਿਜੇ ਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਕ ਨੌਜਵਾਨ ਨੇ ਕੁਲਦੀਪ ਨੂੰ ਬਹਿਸ ਦੌਰਾਨ ਚਾਕੂ ਮਾਰ ਦਿੱਤਾ। ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ’ਚ ਕੁਲਦੀਪ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।