ਦੇਹ ਵਪਾਰ ਰੈਕੇਟ ਦਾ ਪਰਦਾਫਾਸ਼, 3 ਲੜਕੀਆਂ ਤੇ 1 ਲੜਕਾ ਮੌਕੇ ਤੋਂ ਗ੍ਰਿਫਤਾਰ
Friday, Nov 22, 2024 - 05:08 AM (IST)
ਫਗਵਾੜਾ (ਜਲੋਟਾ) - ਐੱਸ. ਐੱਸ. ਪੀ. ਵਤਸਲਾ ਗੁਪਤਾ ਵੱਲੋਂ ਜ਼ਿਲੇ ’ਚ ਅਸਮਾਜਿਕ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵੱਡੀ ਕਾਰਵਾਈ ਕਰਦਿਆਂ ਸਥਾਨਕ ਪਿੰਡ ਚੱਕ ਹਕੀਮ ਵਿਖੇ ਕਿਰਾਏ ਦੀ ਇਕ ਕੋਠੀ ਵਿਚ ਚੱਲ ਰਹੇ ਕਥਿਤ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਫਗਵਾੜਾ ਭਾਰਤ ਭੂਸ਼ਣ ਨੇ ਮੌਕੇ ’ਤੇ ਮੌਜੂਦ ਹੋਰ ਪੁਲਸ ਅਧਿਕਾਰੀਆਂ ਦੀ ਹਾਜ਼ਰੀ ’ਚ ਦੱਸਿਆ ਕਿ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਦੇ ਹੁਕਮਾਂ ’ਤੇ ਜਦੋਂ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਚੱਕ ਹਕੀਮ ਵਿਖੇ ਕਿਰਾਏ ਦੀ ਇਕ ਕੋਠੀ ‘ਤੇ ਛਾਪਾ ਮਾਰਿਆ ਤਾਂ ਉੱਥੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਹੋਇਆ ਹੈ।
ਡੀ. ਐੱਸ. ਪੀ. ਭਾਰਤ ਭੂਸ਼ਣ ਨੇ ਦੱਸਿਆ ਕਿ ਥਾਣਾ ਸਦਰ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਭੁੱਲਰ ਅਤੇ ਪੁਲਸ ਟੀਮ ਨੇ ਮੌਕੇ ਤੋਂ ਦੇਹ ਵਪਾਰ ਦੇ ਘਿਨਾਉਣੇ ਧੰਦੇ ’ਚ ਸ਼ਾਮਲ ਇਕ ਲੜਕੇ ਅਤੇ 3 ਲੜਕੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ 3, 4 ਅਨੈਤਿਕ ਤਸਕਰੀ ਰੋਕਥਾਮ ਐਕਟ 1956 ਤਹਿਤ ਪੁਲਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਕੀਤੀ ਗਈ ਜਾਂਚ ’ਚ ਇਹ ਪਾਇਆ ਗਿਆ ਹੈ ਕਿ ਇਸ ਅੱਡੇ ਦੀ ਸੰਚਾਲਿਕਾ ਖੁਦ ਦੇਹ ਵਪਾਰ ਕਰ ਰਿਹਾ ਸੀ ਅਤੇ ਉਹ ਬਾਹਰੋਂ ਲੜਕੀਆਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾ ਰਹੀ ਸੀ।
ਡੀ. ਐੱਸ. ਪੀ. ਫਗਵਾੜਾ ਨੇ ਦੱਸਿਆ ਕਿ ਮੌਕੇ ਤੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਸੁਖਵਿੰਦਰ ਕੁਮਾਰ ਪੁੱਤਰ ਬਲਬੀਰ ਸਿੰਘ ਵਾਸੀ ਗੋਜੋ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਸ ਨੇ ਦੇਹ ਵਪਾਰ ਰੈਕੇਟ ਦੇ ਅੱਡੇ ਤੋਂ ਇਕ ਮੋਟਰਸਾਈਕਲ ਸਮੇਤ 26,000 ਰੁਪਏ ਕੈਸ਼ ਭਾਰਤੀ ਕਰੰਸੀ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ‘ਤੇ ਲਿਆ ਜਾਵੇਗਾ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹ ਪੁਲਸ ਪੁੱਛਗਿੱਛ ਦੌਰਾਨ ਮਹੱਤਵਪੂਰਨ ਖੁਲਾਸੇ ਕਰਨਗੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਗਵਾੜਾ ‘ਚ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਪਿੰਡ ਚੱਕ ਹਕੀਮ ’ਚ ਬੀਤੇ ਕੁੱਛ ਸਮੇਂ ਤੋਂ ਚੱਲ ਰਿਹਾ ਇਹ ਦੇਹ ਵਪਾਰ ਦਾ ਧੰਦਾ ਕਿਸ ਦੇ ਪ੍ਰਭਾਵ ਅਤੇ ਛਤਰ ਛਾਇਆ ਹੇਠ ਚੱਲ ਰਿਹਾ ਸੀ? ਲੋਕ ਸਵਾਲ ਕਰ ਰਹੇ ਹਨ ਕਿ ਫਗਵਾੜਾ ਦੇ ਪਿੰਡ ਚੱਕ ਹਕੀਮ ’ਚ ਬਾਹਰੋਂ ਚਲਾਏ ਜਾ ਰਹੇ ਉਕਤ ਅੱਡੇ ਨੂੰ ਇਸ ਤਰੀਕੇ ਨਾਲ ਚਲਾਉਣ ਪਿੱਛੇ ਉਹ ਕਿਹਡ਼ੇ ਸਫੇਦਪੋਸ਼ ਲੋਕ ਸਰਗਰਮ ਹਨ? ਕਿਉਂਕਿ ਬਿਨਾਂ ਤਗਡ਼ੇ ਅਸਰ ਰਸੂਖ ਦੇ ਸਮਰਥਨ ਤੋਂ ਅਜਿਹਾ ਕੋਈ ਕਥਿਤ ਅੱਡਾ ਚਲਾਉਣ ਦੀ ਕਲਪਨਾ ਕਰਨਾ ਬਹੁਤ ਮੁਸ਼ਕਲ ਹੈ?
ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਸੰਭਵ ਨਹੀਂ ਹੈ ਕਿ ਪੁਲਸ ਆਦਿ ਸਮੇਤ ਕਿਸੇ ਨੂੰ ਵੀ ਇਸ ਬਾਰੇ ਪਹਿਲਾ ਤੋਂ ਕੁੱਛ ਪਤਾ ਹੀ ਨਾ ਹੋਵੇ। ਕੀ ਜ਼ਿਲਾ ਕਪੂਰਥਲਾ ਦੇ ਉੱਚ ਪੁਲਸ ਅਧਿਕਾਰੀ ਇਸ ਤੱਥ ਦੀ ਡੂੰਘਾਈ ਨਾਲ ਜਾਂਚ ਕਰਨਗੇ? ਇਹ ਉਹ ਸਵਾਲ ਹੈ ਜੋ ਆਮ ਲੋਕ ਪੁੱਛ ਰਹੇ ਹਨ।