ਸਾਬਕਾ ਸਰਪੰਚ ਸਮੇਤ 3 ਘਰਾਂ ’ਚ ਚੋਰੀ, ਵਾਰਦਾਤ CCTV ’ਚ ਕੈਦ

Saturday, Nov 23, 2024 - 03:37 AM (IST)

ਸਾਬਕਾ ਸਰਪੰਚ ਸਮੇਤ 3 ਘਰਾਂ ’ਚ ਚੋਰੀ, ਵਾਰਦਾਤ CCTV ’ਚ ਕੈਦ

ਜਲੰਧਰ (ਮਾਹੀ) - ਦਿਹਾਤ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੀ ਮੰਡ ਚੌਕੀ ਦੇ ਪਿੰਡ ਖਹਿਰਾ ਮਾਝਾ ਵਿਖੇ ਇਕੋ ਹੀ ਦਿਨ ਵਿਚ ਸਾਬਕਾ ਸਰਪੰਚ ਦੇ ਘਰ ਸਮੇਤ 3 ਘਰਾਂ ਵਿਚ  ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੀ ਸੂਚਨਾ ਪੀੜਤ ਪਰਿਵਾਰਾਂ ਵੱਲੋਂ ਚੌਕੀ ਮੰਡ ਦੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਮੰਡ ਚੌਕੀ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। 

ਇਸ ਦੌਰਾਨ ਪਿੰਡ ਖੈਰਾ ਮਾਝਾ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਖੈਰਾ ਨੇ ਦੱਸਿਆ ਕਿ ਉਹ  ਕਿਸੇ ਕੰਮ ਨੂੰ ਲੈ ਕੇ ਬੈਂਕ ਵਿਚ ਗਏ ਸਨ ਜਦੋਂ ਉਨ੍ਹਾਂ ਨੇ ਆ ਕੇ ਘਰ ਦੇਖਿਆ ਤਾਂ ਗੇਟ ਦੀ ਗ੍ਰਿਲ ਹਥਿਆਰ ਨਾਲ ਕੱਟੀ ਹੋਈ ਸੀ ਤੇ ਕਮਰਿਆਂ ਵਿਚ ਪੂਰਾ ਸਾਮਾਨ ਖਿਲਰਿਆ ਪਿਆ ਸੀ ਜਦੋਂ ਚੋਰ ਅੰਦਰ ਚੋਰੀ ਕਰ ਰਿਹਾ ਸੀ ਤਾਂ ਅਚਾਨਕ ਬਲਜੀਤ ਸਿੰਘ ਨੂੰ ਆਉਂਦਾ ਦੇਖ  ਚੋਰ ਫਰਾਰ ਹੋ ਗਿਆ। ਉਨ੍ਹਾਂ ਨੇ ਪੁਲਸ ’ਤੇ ਦੋਸ਼ ਲਾਏ ਕਿ  ਚੋਰੀ ਦੀ ਸੂਚਨਾ ਸਵੇਰ ਤੋਂ ਦਿੱਤੀ ਗਈ ਹੈ ਪਰ ਦੁਪਹਿਰ 3 ਵਜੇ ਤੱਕ ਪੁਲਸ ਮੌਕਾ ਦੇਖਣ ਨਹੀਂ ਪਹੁੰਚੀ। 

ਇਸੇ ਤਰ੍ਹਾਂ ਇਸੇ ਪਿੰਡ ਦੀ ਸੁਰਜੀਤ ਕੌਰ ਆਪਣੇ ਘਰ ਨੂੰ ਤਾਲਾ ਲਾ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਗਈ ਸੀ। ਮਗਰੋਂ ਚੋਰ ਜਿੰਦਰਾ ਤੋੜ ਕੇ ਅੰਦਰ ਗਿਆ ਤੇ ਘਰ ਵਿਚ ਪਿਆ ਮੋਟਰ ਸਾਈਕਲ ਤੇ ਕੀਮਤੀ ਸਾਮਾਨ ਲੈ ਕਿ ਫਰਾਰ ਹੋ ਗਿਆ। ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਸਪੇਨ ’ਚ ਸੀ‌, ਉਸ ਦਾ ਬੇਟਾ ਸੀ. ਸੀ. ਟੀ. ਵੀ . ਕੈਮਰੇ ਵਿਚ ਦੇਖ ਰਿਹਾ ਸੀ, ਜਿਸ ਦੌਰਾਨ ਉਸ ਨੂੰ ਲੱਗਾ ਕਿ ਘਰ ਵਿਚ ਤਾਲਾ ਲੱਗਾ  ਹੋਇਆ ਹੈ ਪਰ ਕੋਈ ਵਿਅਕਤੀ ਅੰਦਰ ਘੁੰਮ ਰਿਹਾ ਹੈ , ਜਿਸ ਤੋਂ ਬਾਅਦ ਮੇਰੇ ਬੇਟੇ ਨੇ  ਮੈਨੂੰ ਇਸ ਦੀ ਸੂਚਨਾ ਦਿੱਤੀ। ਮੌਕੇ ’ਤੇ ਆ ਕੇ ਦੇਖਿਆ ਤਾਂ ਮੋਟਰਸਾਈਕਲ ਅਤੇ ਹੋਰ ਕੀਮਤੀ ਸਾਮਾਨ, ਹਜ਼ਾਰਾਂ ਦੀ ਨਕਦੀ ਚੋਰੀ ਹੋਈ ਸੀ, ਜਿਸ ਸਬੰਧੀ ਮੰਡ ਚੌਕੀ ਦੀ ਪੁਲਸ ਨੂੰ ਸੂਚਿਤ ਕੀਤਾ।

ਇਸੇ ਤਰ੍ਹਾਂ ਤੀਜੀ ਚੋਰੀ ਇਸੇ ਪਿੰਡ ਦੀ ਜਸਵਿੰਦਰ ਕੌਰ ਦੇ ਘਰ ਹੋਈ। ਉਸ ਨੇ ਦੱਸਿਆ ਕਿ ਉਹ ਰਿਸ਼ਤੇਦਾਰੀ ’ਚ ਗਈ ਹੋਈ ਸੀ, ਜਦੋਂ ਉਸ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਘਰ ਵਿਚ ਸਾਮਾਨ ਖਿਲਰਿਆ ਪਿਆ ਸੀ ਤੇ ਕਈ ਕੀਮਤੀ ਸਾਮਾਨ ਗਾਇਬ ਸੀ। ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸ ਦੌਰਾਨ ਮੰਡ ਚੌਕੀ ਦੇ ਇੰਚਾਰਜ ਗੁਰਮੀਤ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਖੈਰਾ ਮਾਝਾ ਵਿਖੇ ਚੋਰੀ ਹੋਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਲੱਗੇ  ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨਿਕਲਵਾਈ ਹੈ, ਜਿਸ ਵਿਚ ਇਕ ਵਿਅਕਤੀ ਨਜ਼ਰ ਆ ਰਿਹਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ।
 


author

Inder Prajapati

Content Editor

Related News