ਖੇਤ ''ਚ ਬਣ ਰਹੇ ਨਹਿਰੀ ਖ਼ਾਲੇ ਨੂੰ ਲੈ ਕੇ ਹੋਈ ਲੜਾਈ, 3 ਲੋਕ ਨਾਮਜ਼ਦ

Tuesday, Nov 26, 2024 - 04:27 PM (IST)

ਖੇਤ ''ਚ ਬਣ ਰਹੇ ਨਹਿਰੀ ਖ਼ਾਲੇ ਨੂੰ ਲੈ ਕੇ ਹੋਈ ਲੜਾਈ, 3 ਲੋਕ ਨਾਮਜ਼ਦ

ਜਲਾਲਾਬਾਦ (ਬਜਾਜ) : ਥਾਣਾ ਵੈਰੋਕੇ ਦੀ ਪੁਲਸ ਵੱਲੋਂ ਪਿੰਡ ਚੱਕ ਕਬਰ ਵਾਲਾ ਵਿਖੇ ਖੇਤਾਂ 'ਚ ਬਣ ਰਹੇ ਨਹਿਰੀ ਖ਼ਾਲੇ ਨੂੰ ਲੈ ਕੇ ਹੋਈ ਲੜਾਈ 'ਚ 3 ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਸੰਦੀਪ ਕੁਮਾਰ ਪੁੱਤਰ ਸਤਨਾਮ ਰਾਏ ਵਾਸੀ ਚੱਕ ਕਬਰ ਵਾਲਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਹ ਪੰਜ ਭਰਾ ਹਨ। ਸਾਰੇ ਭਰਾ ਇਕੱਠੇ ਹੀ ਖੇਤੀਬਾੜੀ ਦਾ ਕੰਮ ਕਰਦੇ ਹਨ।

ਉਸਦੇ ਖੇਤ 'ਚੋਂ ਇਕ ਨਵੀਂ ਨਹਿਰ ਬਣ ਗਈ ਹੈ। ਇਸ ਨਹਿਰ ਵਿਚੋਂ ਇਕ ਖ਼ਾਲ ਉਸਦੇ ਖੇਤ ਵਿਚੋਂ ਲੰਘਦਾ ਹੈ, ਜਿਸ ਰਾਹੀਂ ਸਤਪਾਲ ਸਿੰਘ ਦੇ ਖੇਤ ਨੂੰ ਪਾਣੀ ਜਾਂਦਾ ਹੈ। ਮੁਦੱਈ ਨੇ ਅੱਗੇ ਦੱਸਿਆ ਕਿ ਮਿਤੀ 15-06-2024 ਨੂੰ ਦੁਪਹਿਰੇ ਸਤਪਾਲ ਸਿੰਘ ਨੇ ਖ਼ਾਲੇ 'ਚ ਬਣ ਰਹੇ ਸੈਫਲ ਨੂੰ ਉਸਦੇ ਖੇਤ ਵੱਲ ਕਰ ਦਿੱਤਾ।

ਜਦੋਂ ਉਸਨੇ ਆਪਣੇ ਭਰਾ ਸਮੇਤ ਸਤਪਾਲ ਸਿੰਘ ਨਾਲ ਗੱਲਬਾਤ ਕਰਕੇ ਇਸਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਆਪਣਾ ਸਵਰਾਜ ਟਰੈਕਟਰ ਉਸਦੇ ਪੈਰ 'ਤੇ ਚੜ੍ਹਾ ਦਿੱਤਾ। ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਲੜਾਈ ਸਬੰਧੀ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ, ਜੋ ਸਿਰੇ ਨਹੀਂ ਚੜ੍ਹ ਸੀ। ਜਿਸ 'ਤੇ ਮੁਦੱਈ ਸੰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਸਤਪਾਲ ਸਿੰਘ, ਪ੍ਰੇਮ ਨਾਥ ਪੁੱਤਰ ਸੋਹਨ ਲਾਲ ਅਤੇ ਕਰਨ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀਆਨ ਚੱਕ ਕਬਰ ਵਾਲਾ ਉਰਫ਼ ਪੰਡਤਾਂ ਵਾਲੇ ਝੂੱਗੇ ਦੇ ਖ਼ਿਲਾਫ਼ ਥਾਣਾ ਵੈਰੋਕੇ ਵਿਖੇ ਮੁਕੱਦਮਾ ਰਜਿਸਟਰ ਕੀਤਾ ਗਿਆ ਹੈ।


author

Babita

Content Editor

Related News