ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 3 ਗ੍ਰਿਫਤਾਰ
Saturday, Nov 16, 2024 - 03:28 AM (IST)
ਬਠਿੰਡਾ (ਸੁਖਵਿੰਦਰ) - ਬੀਤੇ ਦਿਨੀਂ ਪਿੰਡ ਬੀੜ ਤਲਾਬ ਵਿਖੇ ਇਕ ਬਜ਼ੁਰਗ ਔਰਤ ਦਾ ਕਤਲ ਕਰ ਕੇ ਖੁਦਕੁਸ਼ੀ ਦਾ ਰੁਪ ਦੇਣ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਪੁਲਸ ਵੱਲੋਂ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ। ਪੁਲਸ ਵੱਲੋਂ ਉਕਤ ਮੁਲਜ਼ਮਾਂ ਕੋਲੋਂ ਔਰਤ ਵਾਸੋਂ ਲੁੱਟ-ਖੋਹ ਕੀਤਾ ਗਿਆ ਸਾਮਾਨ ਵੀ ਬਰਾਮਦ ਕਰ ਲਿਆ ਹੈ।
ਜਾਣਕਾਰੀ ਅਨੁਸਾਰ 7/8 ਨਵੰਬਰ ਦੀ ਰਾਤ ਨੂੰ ਬੀੜ ਤਲਾਬ ਬਸਤੀ ਨੰਬਰ 1 ਵਿਚ ਘਰ ਵਿਚ ਇਕੱਠੀ ਰਹਿਣ ਵਾਲੀ ਬਜ਼ੁਰਗ ਔਰਤ ਮਨਜੀਤ ਕੌਰ ਪਤਨੀ ਗੁਰਵਿੰਦਰ ਸਿੰਘ ਦੀ ਘਰ ’ਚੋਂ ਲਾਸ਼ ਬਰਾਮਦ ਕੀਤੀ ਗਈ ਸੀ। ਪਹਿਲੀ ਪੜਤਾਲ ਤੋਂ ਬਾਅਦ ਪੁਲਸ ਵੱਲੋਂ ਖੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਗਿਆ ਪਰ ਬਾਅਦ ਵਿਚ ਮ੍ਰਿਤਕ ਔਰਤ ਦੇ ਲੜਕੇ ਦੀ ਸ਼ਿਕਾਇਤ ’ਤੇ ਕਤਲ ਦਾ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕੀਤੀ ਗਈ ਸੀ।
ਜਾਣਕਾਰੀ ਦਿੰਦਿਆਂ ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਐੱਸ.ਪੀ. ਡੀ. ਹਿਨਾ ਗੁਪਤਾ ਦੀ ਅਗਵਾਈ ਹੇਠ ਸੀ.ਆਈ.ਏ.-2 ਅਤੇ ਥਾਣਾ ਸਦਰ ਵੱਲੋਂ ਮੁਲਜਮਾਂ ਦੀ ਭਾਲ ਸ਼ੁਰੂ ਕੀਤੀ ਗਈ ਸੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਪੁਲਸ ਵੱਲੋਂ ਮੁਲਜ਼ਮਾਂ ਦੀ ਪੜਤਾਲ ਕੀਤੀ ਗਈ।
ਇਸ ਦੌਰਾਨ ਪੁਲਸ ਵੱਲੋਂ ਬੀੜ ਤਲਾਬ ਤੋਂ ਨਹਿਰੀ ਕੋਠੀ ਤਿਉਣਾ ਵੱਲ ਜਾਂਦੀ ਨਹਿਰ ਦੀ ਪਟੜੀ ਤੋਂ ਮੁਲਜ਼ਮ ਸੰਦੀਪ ਸਿੰਘ ਉਰਫ ਸੀਪਾ ਵਾਸੀ ਬੀੜ ਤਲਾਬ ਬਸਤੀ ਨੰਬਰ 1, ਦਲੇਰ ਸਿੰਘ ਅਤੇ ਸੁਖਦੀਪ ਸਿੰਘ ਵਾਸੀ ਮੁਲਤਾਨੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਔਰਤ ਦੇ ਘਰੋਂ ਚੋਰੀ ਕੀਤੀ ਸੀ ਅਤੇ ਬਾਅਦ ਵਿਚ ਉਸਦਾ ਗਲਾ ਦਬਾਕੇ ਔਰਤ ਦਾ ਕਤਲ ਕਰ ਦਿੱਤਾ। ਜਾਦੇ ਸਮੇਂ ਉਹ ਔਰਤ ਦੇ ਘਰੋਂ ਸੋਨੇ ਦੀਆ ਵਾਲੀਆ, ਗਹਿਣੇ, ਨਕਦੀ ਚੋਰੀ ਕਰ ਕੇ ਲੈ ਗਏ ਸਨ।
ਪੁਲਸ ਵੱਲੋਂ ਮੁਲਜ਼ਮਾਂ ਕੋਲੋਂ ਇਕ ਜੋੜਾ ਸੋਨੇ ਦੀਆਂ ਵਾਲੀਆਂ, ਇਕ ਜੋੜਾ ਟੋਪਸ, 2 ਹਜ਼ਾਰ ਨਕਦੀ ਅਤੇ ਮ੍ਰਿਤਕ ਦੇ ਜ਼ਰੂਰੀ ਕਾਗਜ਼ਾਤ ਵੀ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਰਿਮਾਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।