ਪੈਟਰੋਲ ਪੰਪ ’ਤੇ ਗ੍ਰੇਨੇਡ ਸੁੱਟਣ ਵਾਲੇ ਅੱਤਵਾਦੀ ਡੱਲਾ ਦੇ ਸਾਥੀ ਦਾ ਤਿੰਨ ਦਿਨਾਂ ਪੁਲਸ ਰਿਮਾਂਡ

Wednesday, Nov 13, 2024 - 11:43 PM (IST)

ਮਾਨਸਾ (ਸੰਦੀਪ ਮਿੱਤਲ) - ਸ਼ਹਿਰ ਦੇ ਇਕ ਪੈਟਰੋਲ ਪੰਪ ’ਤੇ ਗ੍ਰੇਨੇਡ ਸੁੱਟ ਕੇ ਫਿਰੌਤੀ ਮੰਗਣ ਅਤੇ ਅੱਤਵਾਦੀ ਅਰਸ਼ ਡੱਲਾ ਦੇ ਇਸ਼ਾਰੇ ’ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮਾਨਸਾ ਪੁਲਸ ਵੱਲੋਂ ਕਾਬੂ ਕੀਤੇ ਗਏ ਸ਼ਿਮਲਾ ਸਿੰਘ ਵਾਸੀ ਘਰਾਂਗਣਾ ਦਾ ਪੁਲਸ ਨੂੰ ਤਿੰਨ ਦਿਨਾਂ ਪੁਲਸ ਰਿਮਾਂਡ ਮਿਲਿਆ। ਉਸ ਨੂੰ ਬੁੱਧਵਾਰ ਨੂੰ ਮਾਨਸਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਸ ਨੇ ਅਗਲੇਰੀ ਪੁੱਛਗਿੱਛ ਲਈ ਅਦਾਲਤ ਕੋਲੋਂ ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।

ਜ਼ਿਕਰਯੋਗ ਹੈ ਕਿ ਸ਼ਿਮਲਾ ਸਿੰਘ ਘਰਾਂਗਣਾ ਨੇ ਕੈਨੇਡਾ ਪੁਲਸ ਵੱਲੋਂ ਕਾਬੂ ਕੀਤੇ ਗਏ ਅੱਤਵਾਦੀ ਅਰਸ਼ ਡੱਲਾ ਦੇ ਇਸ਼ਾਰੇ ’ਤੇ ਗੜ੍ਹਸ਼ੰਕਰ ਤੋਂ ਗ੍ਰੇਨੇਡ ਲਿਆ ਕੇ ਅੱਧੀ ਰਾਤ ਨੂੰ ਸਿਰਸਾ ਰੋਡ ਸਥਿਤ ਇਕ ਪੈਟਰੋਲ ਪੰਪ ਲਾਗੇ ਸੁੱਟਿਆ ਸੀ। ਜਿਸ ਤੋਂ ਬਾਅਦ ਵਿਦੇਸ਼ ਤੋਂ ਆਈ ਫੋਨ ਕਾਲ ’ਤੇ ਪੰਪ ਮਾਲਕ ਖੁਸ਼ਵਿੰਦਰ ਸਿੰਘ ਤੋਂ ਧਮਕੀ ਦੇ ਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।

ਮਾਨਸਾ ਪੁਲਸ ਨੇ ਇਸ ਮਾਮਲੇ ਦਾ ਪਰਦਾਫਾਸ਼ ਕਰਦਿਆਂ ਜਦੋਂ ਸ਼ਿਮਲਾ ਸਿੰਘ ਨੂੰ ਕਾਬੂ ਕੀਤਾ ਤਾਂ ਸਾਹਮਣੇ ਆਇਆ ਕਿ ਉਹ ਅੱਤਵਾਦੀ ਅਰਸ਼ ਡੱਲਾ ਦੇ ਕਹਿਣ ’ਤੇ ਕੰਮ ਕਰਦਾ ਸੀ ਅਤੇ ਉਸ ਨੇ ਮਾਨਸਾ ਪੈਟਰੋਲ ਪੰਪ ਅੱਗੇ ਬੰਬ ਸੁੱਟਣ ਦੀ ਵਾਰਦਾਤ ਵੀ ਅੱਤਵਾਦੀ ਅਰਸ਼ ਡੱਲਾ ਦੇ ਕਹਿਣ ’ਤੇ ਕੀਤੀ ਸੀ। ਪੁਲਸ ਨੇ ਦੱਸਿਆ ਕਿ ਉਸ ਦਾ ਅਪਰਾਧਿਕ ਪਿਛੋਕੜ ਵੀ ਹੈ।

ਸ਼ਿਮਲਾ ਸਿੰਘ ਤੋਂ ਇਸ ਮਾਮਲੇ ਅਤੇ ਹੋਰ ਘਟਨਾਵਾਂ ਦੇ ਸਬੰਧ ’ਚ ਮਾਨਸਾ ਪੁਲਸ ਪੁੱਛਗਿੱਛ ਕਰ ਰਹੀ ਹੈ। ਥਾਣਾ ਸਿਟੀ 1 ਮਾਨਸਾ ਦੀ ਮੁਖੀ ਬੇਅੰਤ ਕੌਰ ਨੇ ਦੱਸਿਆ ਕਿ ਗ੍ਰੇਨੇਡ ਮਾਮਲੇ ਦੇ ਮੁਜਰਮ ਸ਼ਿਮਲਾ ਸਿੰਘ ਦਾ ਤਿੰਨ ਦਿਨਾਂ ਪੁਲਸ ਰਿਮਾਂਡ ਲਿਆ ਗਿਆ ਹੈ। ਅਜੇ ਤਕ ਪੁਲਸ ਨੇ ਇਸ ਸਬੰਧੀ ਕੋਈ ਖੁਲਾਸਾ ਜਾਂ ਸ਼ਿਮਲਾ ਸਿੰਘ ਤੋਂ ਪੁੱਛਗਿੱਛ ਦੌਰਾਨ ਕੁੱਝ ਪਤਾ ਲੱਗਣ ਦਾ ਜ਼ਿਕਰ ਨਹੀਂ ਕੀਤਾ।


Inder Prajapati

Content Editor

Related News